ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਦੀ ਤਿਆਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜਨਵਰੀ ਦੇ ਟਰੈਕਟਰ ਮਾਰਚ ਦੀ ਤਿਆਰੀ ਲਈ ਅੱਜ ਇਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗਨੂੰਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਡਾ. ਗੁਰਚਰਨ ਸਿੰਘ ਰਾਏਕੋਟ, ਜਸਵਿੰਦਰ ਸਿੰਘ ਲਾਡੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ, ਜਲੌਰ ਸਿੰਘ ਝੋਰੜਾਂ, ਕੁਲ ਹਿੰਦ ਕਿਸਾਨ ਸਭਾ (ਹੱਨਨਮੁੱਲਾ) ਦੇ ਮੁਖ਼ਤਿਆਰ ਸਿੰਘ ਜਲਾਲਦੀਵਾਲ, ਫ਼ਕੀਰ ਚੰਦ ਦੱਧਾਹੂਰ, ਸ਼ਿਆਮ ਸਿੰਘ, ਸੁਰਿੰਦਰ ਸਿੰਘ ਸੀਲੋਆਣੀ, ਅਵਤਾਰ ਸਿੰਘ ਤਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਹਰਨੇਕ ਸਿੰਘ ਅੱਚਰਵਾਲ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਦਾ ਨਵਾਂ ਕੌਮੀ ਖਰੜੇ ਨੂੰ ਕਿਸਾਨ ਵਿਰੋਧੀ ਦੱਸਦਿਆਂ ਮੁੱਢੋਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਭੇਜਿਆ ਇਹ ਖਰੜਾ ਵਿਵਾਦਿਤ ਖੇਤੀ ਕਾਨੂੰਨਾਂ ਤੋਂ ਵੀ ਵਧੇਰੇ ਖ਼ਤਰਨਾਕ ਹੈ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਇਸ ਖਰੜੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨਵੰਬਰ 2021 ਵਿੱਚ ਲਿਖਤੀ ਰੂਪ ਵਿੱਚ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਵਿਚਾਰ ਚਰਚਾ ਬਾਅਦ ਫ਼ੈਸਲਾ ਕੀਤਾ ਕਿ 26 ਜਨਵਰੀ ਨੂੰ ਵੱਖ-ਵੱਖ ਜਥੇਬੰਦੀ ਦੇ ਜਥੇ ਪਿੰਡਾਂ ਵਿੱਚ ਹੁੰਦੇ ਹੋਏ 2 ਵਜੇ ਦਾਣਾ ਮੰਡੀ ਰਾਏਕੋਟ ਵਿੱਚ ਪਹੁੰਚਣਗੇ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਐਲਾਨ ਕੀਤਾ ਜਾਏਗਾ।
ਪਾਇਲ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਵੱਲੋ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੀ ‘ਖੇਤੀ ਮੰਡੀਕਰਨ ਨੀਤੀ’ ਨੂੰ ਵਾਪਸ ਕਰਵਾਉਣ ਅਤੇ ਦਿੱਲੀ ਵਿੱਚ ਕਿਸਾਨ ਮੋਰਚਾ ਉਠਵਾਉਣ ਸਮੇਂ ਕੇਂਦਰ ਸਰਕਾਰ ਦੁਆਰਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੇ ਸਬੰਧ ਵਿੱਚ 26 ਜਨਵਰੀ ਨੂੰ ਸਾਰੇ ਦੇਸ਼ ਵਿੱਚ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਤਹਿਸੀਲ ਪਾਇਲ ਵਿੱਚ ਸੰਯੂਕਤ ਕਿਸਾਨ ਮੋਰਚਾ ਨਾਲ ਸਬੰਧਿਤ ਤਹਿਸੀਲ ਪਾਇਲ ਦੇ ਬਲਾਕਾਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕਰਕੇ 26 ਜਨਵਰੀ ਨੂੰ ਟਰੈਕਟਰ ਰੋਸ ਮਾਰਚ ਕਰਨਾ ਤੈਅ ਕੀਤਾ। ਇਸ ਸਮੇਂ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਸੁਖਦੇਵ ਸਿੰਘ ਲਹਿਲ, ਗੁਰਪ੍ਰੀਤ ਸਿੰਘ ਘੁਡਾਣੀ, ਆਲ ਇੰਡੀਆ ਕਿਸਾਨ ਸਭਾ-1936 ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੀਰ ਝੱਜ, ਬੀਕੇਯੂ ਉਗਰਾਹਾਂ ਦੇ ਦਵਿੰਦਰ ਸਿੰਘ ਘਲੋਟੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਸਿਹੌੜਾ, ਮਾਸਟਰ ਗੁਰਦੀਪ ਸਿੰਘ, ਬੀਕੇਯੂ ਕਾਦੀਆਂ ਦੇ ਪ੍ਰਧਾਨ ਸਿਮਰਜੀਤ ਸਿੰਘ ਰੌਣੀ, ਦਵਿੰਦਰ ਸਿੰਘ, ਜਸਕਰਨਜੀਤ ਸਿੰਘ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮੀਟਿੰਗਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਛੱਬੀ ਜਨਵਰੀ ਦੇ ਟਰੈਕਟਰ ਮਾਰਚ ਦੀ ਤਿਆਰੀ ਲਈ ਨੇੜਲੇ ਪਿੰਡ ਭੰਮੀਪੁਰਾ ਦੇ ਗੁਰਦੁਆਰੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕੱਤਰਤਾ ਹੋਈ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਟਰੈਕਟਰ ਮਾਰਚ ਨੂੰ ਸਫ਼ਲ ਬਣਾਉਣ ਬਾਰੇ ਵਿਚਾਰਾਂ ਹੋਈਆਂ। ਸਕੱਤਰ ਇੰਦਰਜੀਤ ਧਾਲੀਵਾਲ ਨੇ ਦੱਸਿਆ ਕਿ ਟਰੈਕਟਰ ਮਾਰਚ ਸਬੰਧੀ ਡਿਊਟੀਆਂ ਲਾਉਣ ਤੋਂ ਇਲਾਵਾ ਕਿਸਾਨ ਨੁਮਾਇੰਦਿਆਂ ਨੇ ਖੇਤੀ ਮੰਡੀਕਰਨ ਖਰੜੇ 'ਤੇ ਵਿਚਾਰ ਕਰਦਿਆਂ ਇਸ ਨੂੰ ਫੌਰੀ ਰੱਦ ਕਰਨ ਦੀ ਮੰਗ ਰੱਖੀ। ਕਿਸਾਨ ਆਗੂਆਂ ਨੇ ਕਿਹਾ ਕਿ ਰਾਜਾ ਨੂੰ ਭੇਜਿਆਂ ਇਹ ਖਰੜਾ ਪੁਰਾਣੇ ਰੱਦ ਹੋਏ ਕਾਨੂੰਨਾਂ ਦਾ ਹੀ ਦੂਜਾ ਰੂਪ ਹੈ ਜਿਸ ਨੂੰ ਰੱਦ ਕਰਵਾਉਣ ਲਈ ਐਸਕੇਐਮ ਪਹਿਲ ਦੇ ਆਧਾਰ ’ਤੇ ਲੜਾਈ ਸ਼ੁਰੂ ਕਰਨ ਲਈ ਤਿਆਰੀ ਕਰ ਰਿਹਾ ਹੈ। ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਜਗਰਾਉਂ ਬਲਾਕ ਦੇ ਪਿੰਡਾਂ ਦੇ ਟਰੈਕਟਰ ਪਹਿਲਾਂ ਕਾਉਂਕੇ ਕਲਾਂ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਣਗੇ ਅਤੇ ਉਸ ਤੋਂ ਬਾਅਦ ਜਗਰਾਉਂ ਅਨਾਜ ਮੰਡੀ ਵਿਖੇ ਪਹੁੰਚਣਗੇ। ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਫੇਰ ਜਗਰਾਉਂ ਸ਼ਹਿਰ ਵਿੱਚ ਵੱਡਾ ਟਰੈਕਟਰ ਮਾਰਚ ਹੋਵੇਗਾ।ਟਰੈਕਟਰ ਮਾਰਚ ਸਬੰਧੀ ਮੀਟਿੰਗ ਵਿੱਚ ਹਾਜ਼ਰ ਕਿਸਾਨ ਕਾਰਕੁਨ। -ਫੋਟੋ: ਸ਼ੇਤਰਾ