ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰੈਲੀ ਦੀਆਂ ਤਿਆਰੀਆਂ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਦੀਪ ਸਿੰਘ ਭਰਥਲਾ ਨੇ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਸਬੰਧੀ ਤਿਆਰੀਆਂ ਲਈ ਸਮਰਾਲਾ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਹਰਦੀਪ ਭਰਥਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ 26 ਨਵੰਬਰ ਨੂੰ ਕੇਂਦਰੀ ਖੇਤੀ ਸੋਧ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸਨੂੰ ਸੰਯੁਕ ਕਿਸਾਨ ਮੋਰਚਾ ਹਰ ਸਾਲ ਵਿਜੈ ਦਿਵਸ ਵਜੋਂ ਮਨਾਉਂਦਾ ਹੈ। ਇਸ ਵਾਰ ਵੀ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਆਪਣੀ ਰਹਿੰਦੀਆਂ ਮੰਗਾਂ ਸਬੰਧੀ ਰੈਲੀ ਕੀਤੀ ਜਾਵੇਗੀ। ਇਸ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਮਰਾਲਾ, ਮਾਛੀਵਾੜਾ, ਮਾਂਗਟ, ਦੋਰਾਹਾ, ਖੰਨਾ ਬਲਾਕ ਤੋਂ ਵੱਡੀ ਗਿਣਤੀ ਕਿਸਾਨ ਚੰਡੀਗੜ੍ਹ ਪੁੱਜਣਗੇ, ਜਿਸ ਸਬੰਧੀ ਉਹ ਆਪੋ-ਆਪਣੇ ਵਾਹਨ ਲੈ ਕੇ ਸਵੇਰੇ 9 ਵਜੇ ਹੇਡੋਂ ਵਿੱਚ ਭਾਰਤ ਪੈਟਰੋਲੀਅਮ ਪੰਪ ਕੋਲ ਇਕੱਠੇ ਹੋ ਕੇ ਇੱਕ ਵੱਡੇ ਜਥੇ ਵਜੋਂ ਚੰਡੀਗੜ੍ਹ ਲਈ ਰਵਾਨਾ ਹੋਣਗੇ।
