ਵਿਦਿਅਕ ਅਦਾਰਿਆਂ ’ਚ ਪ੍ਰਕਾਸ ਪੁਰਬ ਮਨਾਇਆ
ਇੱਥੇ ਆਕਸਫੋਰਡ ਸੀਨੀਅਰ ਸਕੂਲ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਵਿਸ਼ੇਸ਼ ਸਭਾ ਦੀ ਸ਼ੁਰੂਆਤ ਪ੍ਰਭਾਤ ਫੇਰੀ ਨਾਲ ਕੀਤੀ ਗਈ। ਸਾਰੇ ਵਿਦਿਆਰਥੀ ਅਤੇ ਅਧਿਆਪਕ ਇਸ ਵਿਸ਼ੇਸ਼ ਸਭਾ ਵਿੱਚ ਸ਼ਾਮਲ ਹੋਏ। ਸਕੂਲ ਦੇ ਬੋਰਡ ਫੁੱਲਾਂ, ਗੁਬਾਰਿਆਂ ਅਤੇ ਗੁਰੂ ਜੀ ਦੇ ਸੁਨੇਹਿਆਂ ਵਾਲੇ ਬੈਨਰਾਂ ਨਾਲ ਸਜਾਏ ਗਏ। ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਭਾਸ਼ਣ, ਕਵਿਤਾਵਾਂ ਅਤੇ ਕੀਰਤਨ ਵਿਖਿਆਨ ਕੀਤਾ। ਬੱਚਿਆਂ ਨੇ ਗੁਰੂ ਜੀ ਦੇ ਤਿੰਨ ਮੁੱਖ ਸੰਦੇਸ਼ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਵਿੱਚ ਹਾਊਸ ਮੁਕਾਬਲੇ ਕਰਵਾਏ ਗਏ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰੂ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਉਣਾ ਸੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਜੈ ਕਪੂਰ ਨੇ ਇਸ ਵਿਸ਼ੇਸ਼ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਨੇ ਮਨੁੱਖਤਾ ਨੂੰ ਸੱਚ, ਨਿਮਰਤਾ ਅਤੇ ਹੱਥੀਂ ਕਿਰਤ ਕਰਨ ਦਾ ਰਾਹ ਦਿਖਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਅਧਿਆਪਕ ਅੰਸ਼ੂ ਅਤੇ ਸਕੂਲ ਦਾ ਸਮੁੱਚਾ ਸਟਾਫ਼ ਸ਼ਾਮਲ ਸੀ। ਸਮਾਗਮ ਦੇ ਅੰਤ ਵਿੱਚ ਸਭ ਨੇ ਮਿਲ ਕੇ ਅਰਦਾਸ ਕੀਤੀ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਪ੍ਰਗਟ ਕੀਤੀ।
