ਲਗਾਤਾਰ ਬਾਰਿਸ਼ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ
ਲਗਾਤਾਰ ਹੋ ਰਹੀ ਬਾਰਿਸ਼ ਨਾਲ ਜਿੱਥੇ ਰੋਜ਼ਾਨਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉੱਥੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ 12 ਘੰਟੇ ਤੋਂ ਵੱਧ ਸਮਾਂ ਠੱਪ ਹੋਣ ਕਾਰਨ ਘਰਾਂ ਵਿੱਚ ਬੰਦ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਤੜਕੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ ਹੈ ਉੱਥੇ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਪਾਣੀ ਅੰਦਰ ਕਰੰਟ ਆਉਣ ਦੀਆਂ ਸੂਚਨਾਵਾਂ ਦੇ ਮੱਦੇਨਜ਼ਰ ਪਾਵਰਕੌਮ ਵੱਲੋਂ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।
ਬਾਰਿਸ਼ ਕਾਰਨ ਪਾਵਰਕੌਮ ਦਾ ਸਿਸਟਮ ਠੱਪ ਹੋ ਗਿਆ ਹੈ ਅਤੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਸ਼ਹਿਰ ਦੇ ਪ੍ਰਮੁੱਖ ਉਦਯੋਗਿਕ ਅਤੇ ਵਪਾਰਿਕ ਇਲਾਕਿਆਂ ਦੇ ਕਈ ਯੂਨਿਟ ਬੰਦ ਹੋ ਗਏ ਹਨ। ਬਾਰਸ਼ ਦਾ ਪਾਣੀ ਭਰਨ ਕਾਰਨ 66 ਕੇਵੀ ਗਰਿੱਡ ਸ਼ੇਰਪੁਰ ਅਤੇ ਢੰਡਾਰੀ ਕਲਾਂ ਵਿੱਚ ਪਾਣੀ ਦਾਖ਼ਲ ਹੋਣ ਨਾਲ ਸੁਰੱਖਿਆ ਦੇ ਮੱਦੇਨਜ਼ਰ ਗਰਿੱਡ ਸ਼ੇਰਪੁਰ, ਢੰਡਾਰੀ ਕਲਾਂ-1 ਅਤੇ 2 ਦੇ ਸਾਰੇ ਫੀਡਰ ਬੰਦ ਕਰਕੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰੀ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਛੇ ਵਜੇ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ। ਪੱਖੋਵਾਲ ਰੋਡ ਦੀਆਂ ਦਰਜਨਾਂ ਕਲੋਨੀਆਂ, ਮਾਡਲ ਟਾਊਨ, ਮਾਡਲ ਟਾਊਨ ਐਕਸਟੈਨਸ਼ਨ ਅਤੇ ਦੁੱਗਰੀ ਇਲਾਕੇ ਦੇ ਲੋਕਾਂ ਨੂੰ ਕਈ ਘੰਟਿਆਂ ਦੇ ਅਣਐਲਾਨੇ ਬਿਜਲੀ ਕੱਟ ਕਾਰਨ ਬਿਨਾਂ ਪਾਣੀ ਤੋਂ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਬੇਸ਼ੱਕ ਪਾਵਰਕੌਮ ਐਪ ਤੇ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮ ਚਾਰ ਵਜੇ ਬਿਜਲੀ ਸਪਲਾਈ ਬਹਾਲ ਹੋਣ ਦਾ ਸਮਾਂ ਦਿੱਤਾ ਗਿਆ ਸੀ ਪਰ ਸ਼ਾਮ ਛੇ ਵਜੇ ਤੱਕ ਵੀ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਗਏ ਹਨ।
ਚੀਫ਼ ਇੰਜੀਨੀਅਰ ਨੇ ਦੱਸਿਆ ਹੈ ਕਿ ਪਾਵਰਕੌਮ ਦੀਆਂ ਤਕਨੀਕੀ ਟੀਮਾਂ ਵੱਲੋਂ ਸਥਿਤੀ ਨੂੰ ਕਾਬੂ ਵਿੱਚ ਕਰਕੇ ਬਿਜਲੀ ਸਪਲਾਈ ਬਹਾਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।