ਸੜਕ ’ਤੇ ਪਏ ਟੋਏ ਲੋਕਾਂ ਦੀ ਜਾਨ ਦਾ ਖੌਅ ਬਣੇ ਦਾ ਖੌਅ ਬਣੇ
ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਤੋਂ ਜਗਰਾਉਂ ਸ਼ਹਿਰ ਅੰਦਰ ਦਾਖ਼ਲ ਹੋਣ ਲਈ ਤਹਿਸੀਲ ਰੋਡ ਹੀ ਪ੍ਰਮੁੱਖ ਤੇ ਚੌੜਾ ਮਾਰਗ ਹੈ, ਪਰ ਇਸ ’ਤੇ ਦੋਵੇਂ ਪਾਸੇ ਪਏ ਵੱਡੇ ਟੋਏ ਲੋਕਾਂ ਲਈ ਜਾਨ ਦਾ ਖੌਅ ਬਣ ਗਏ ਹਨ। ਤਹਿਸੀਲ ਚੌਕ ਤੋਂ ਲੈ ਕੇ ਰੇਲਵੇ ਪੁਲ ਤੱਕ ਦੇ ਪੰਜ ਸੌ ਮੀਟਰ ਦੇ ਛੋਟੇ ਜਿਹੇ ਹਿੱਸੇ ਵਿੱਚ ਹੀ ਦਰਜਨਾਂ ਵੱਡੇ-ਵੱਡੇ ਟੋਏ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਕਾਫੀ ਹਨ। ਇਥੋਂ ਤਕ ਕਿ ਰੇਲਵੇ ਪੁਲ ’ਤੇ ਵੀ ਸੜਕ ਉੱਪਰ ਵੱਡੇ ਟੋਏ ਹਨ। ਇਹ ਸਾਰੇ ਟੋਏ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣਦੇ ਹਨ। ਸਕੂਟਰ, ਆਟੋ, ਕਾਰਾਂ ਤੇ ਹੋਰ ਵਾਹਨਾਂ ’ਤੇ ਸਵਾਰ ਲੋਕ ਇਨ੍ਹਾਂ ਟੋਇਆਂ ਦੇ ਸਾਹਮਣੇ ਆਉਣ ’ਤੇ ਅਚਨਚੇਤ ਕੱਟ ਮਾਰਦੇ ਹਨ। ਅਜਿਹਾ ਕਰਨ ਨਾਲ ਪਿੱਛੋਂ ਆ ਰਹੇ ਵਾਹਨਾਂ ਨਾਲ ਟੱਕਰ ਹੋ ਜਾਂਦੀ ਹੈ। ਦੋ ਪਹੀਆ ਵਾਹਨਾਂ ਵਾਲੇ ਵਧੇਰੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਟੋਇਆਂ ਕਰਕੇ ਵਾਹਨਾਂ ਦਾ ਨੁਕਸਾਨ ਵੱਖਰਾ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕਈ ਮਹੀਨੇ ਲੰਘ ਜਾਣ ਮਗਰੋਂ ਵੀ ਪ੍ਰਸ਼ਾਸਨ ਨੇ ਇਹ ਸੜਕ ਬਣਾਉਣ ਦੀ ਥਾਂ ਛੱਡੋ ਖੱਡੇ ਭਰਨ ਦੀ ਵੀ ਲੋੜ ਨਹੀਂ ਸਮਝੀ। ਰੇਲਵੇ ਪੁਲ ’ਤੇ ਪਿਛਲੇ ਦਿਨਾਂ ਵਿੱਚ ਕਈ ਹਾਦਸੇ ਵਾਪਰੇ ਹਨ। ਇਨ੍ਹਾਂ ਕਰਕੇ ਦੋ ਔਰਤਾਂ ਦੀ ਜਾਨ ਵੀ ਜਾਂਦੀ ਰਹੀ ਹੈ। ਸੜਕ ਦੁਰਘਟਨਾਵਾਂ ਦਾ ਇਕ ਕਾਰਨ ਪੁਲ ’ਤੇ ਇਹ ਟੋਏ ਵੀ ਹਨ। ਵਾਹਨ ਚਾਲਕ ਜਦੋਂ ਪੁਲ ’ਤੇ ਚੜ੍ਹ ਜਾਂ ਉੱਤਰ ਰਹੇ ਹੁੰਦੇ ਹਨ ਤਾਂ ਰਫ਼ਤਾਰ ਤੇਜ਼ ਹੋਣ ਕਰਕੇ ਅਚਾਨਕ ਮੂਹਰੇ ਟੋਆ ਆਉਣ ਕਰੇ ਉਨ੍ਹਾਂ ਦੀ ਬਚਾਅ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਅਜਿਹੇ ਮੌਕੇ ਜਾਂ ਤਾਂ ਵਾਹਨ ਸਿੱਧਾ ਖੱਡੇ ਵਿੱਚ ਜਾਊ ਤੇ ਜਾਂ ਫੇਰ ਟੋਏ ਵਿੱਚ ਡਿੱਗਣ ਤੋਂ ਬਚਾਅ ਲਈ ਕੱਟ ਮਾਰਨਾ ਪੈਂਦਾ ਹੈ। ਇਹੋ ਕਾਰਨ ਹੈ ਕਿ ਪੁਲ ’ਤੇ ਆਏ ਦਿਨ ਵਾਹਨ ਇਕ ਦੂਜੇ ਨਾਲ ਟਕਰਾਅ ਜਾਂਦੇ ਹਨ। ਇਸੇ ਤਰ੍ਹਾਂ ਕੱਚਾ ਮਲਕ ਰੋਡ ’ਤੇ ਬਣੀ ਸੜਕ ਦੇ ਸੀਵਰੇਜ ਢੱਕਣ ਛੱਡ ਦਿੱਤੇ ਜਿਨ੍ਹਾਂ ਦਾ ਲੋਕਾਂ ਨੇ ਵਿਰੋਧ ਕੀਤਾ ਤਾਂ ਹੁਣ ਪੁਰਾਣੇ ਢੱਕਣਾਂ ’ਤੇ ਹੀ ਨਵੇਂ ਢੱਕਣ ਰੱਖੇ ਹਨ। ਕਾਂਗਰਸੀ ਆਗੂ ਸੋਨੀ ਗਾਲਿਬ, ਨਗਰ ਸੁਧਾਰ ਸਭਾ ਦੇ ਕੰਵਲਜੀਤ ਖੰਨਾ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਰਾਜੂ ਕਾਮਰੇਡ ਨੇ ਇਹ ਸੜਕ ਨਵੀਂ ਬਣਾਉਣ ਦੀ ਮੰਗ ਕੀਤੀ ਹੈ ਅਤੇ ਜਿੰਨੀ ਦੇਰ ਸੜਕ ਨਵੀਂ ਨਹੀਂ ਬਣਦੀ ਇਹ ਟੋਏ ਭਰਨ ’ਤੇ ਜ਼ੋਰ ਦਿੱਤਾ ਹੈ। ਕੱਚਾ ਮਲਕ ਰੋਡ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭਿੰਡਰ ਤੇ ਬਲਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਨਵੇਂ ਢੱਕਣ ਲਾਉਣ ਸਮੇਂ ਨਵੀਂ ਸੜਕ ਤੋੜੀ ਗਈ ਜੋ ਹੁਣ ਅੱਗੇ ਟੁੱਟਣ ਦਾ ਕਾਰਨ ਬਣੇਗੀ।
