ਮੀਂਹ ਮਗਰੋਂ ਸ਼ਹਿਰ ਦੀਆਂ ਸੜਕਾਂ ’ਤੇ ਥਾਂ-ਥਾਂ ਟੋਏ
ਸ਼ਹਿਰ ਦੀਆਂ ਸੜਕਾਂ ’ਤੇ ਨਗਰ ਨਿਗਮ ਹਰ ਸਾਲ ਤਕਰੀਬਨ 200 ਕਰੋੜ ਰੁਪਏ ਦੇ ਆਸ-ਪਾਸ ਖ਼ਰਚ ਕਰਦਾ ਹੈ। ਹਰ ਸਾਲ ਮੀਂਹ ਤੋਂ ਪਹਿਲਾਂ ਮਾਰਚ, ਅਪਰੈਲ ਤੋਂ ਜੂਨ ਤੱਕ ਸੜਕਾਂ ਬਣਾਉਣ ਤੇ ਰਿਪੇਅਰ ਕਰਵਾਉਣ ਦਾ ਕੰਮ ਕਰਦਾ ਹੈ। ਪਰ ਇਸ ਵਾਰ ਮੌਨਸੂਨ ਨੇ ਨਗਰ ਨਿਗਮ ਦੀਆਂ ਬਣਾਈਆਂ ਤੇ ਰਿਪੇਅਰ ਕੀਤੀਆਂ ਸੜਕਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਮੀਂਹ ਦਾ ਪਾਣੀ ਨਗਰ ਨਿਗਮ ਵੱਲੋਂ ਸੜਕਾਂ ਰਿਪੇਅਰ ਕਰਨ ਦੇ ਨਾਂ ’ਤੇ ਲਗਾਏ ਗਏ ਪੈਚ ਵਰਕ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਗਿਆ ਹੈ। ਸ਼ਹਿਰ ਦਾ ਸਭ ਤੋਂ ਵੱਧ ਬੁਰਾ ਹਾਲ ਹੰਬੜਾ ਰੋਡ, ਰਾਹੋਂ ਰੋਡ, ਸਮਰਾਲਾ ਚੌਂਕ ਨੇੜੇ ਨੈਸ਼ਨਲ ਹਾਈਵੇਅ, ਚੰਡੀਗੜ੍ਹ ਰੋਡ, ਹੈਬੋਵਾਲ, ਬਸਤੀ ਜੋਧੇਵਾਲ, ਗਿੱਲ ਰੋਡ ਵਰਗੀਆਂ ਸੜਕਾਂ ਦਾ ਹੈ। ਇਨ੍ਹਾਂ ਸੜਕਾਂ ’ਤੇ ਤਾਂ ਹੁਣ ਪੈਦਲ ਚਲਣਾ ਵੀ ਮੁਸ਼ਕਲ ਹੋ ਰਿਹਾ ਹੈ। ਵੱਡੇ ਵੱਡੇ ਟੋਇਆਂ ਕਾਰਨ ਇੱਥੋਂ ਗੱਡੀਆਂ ਤੇ ਦੋਪਹੀਆ ਵਾਹਨਾਂ ਤੇ ਪੈਦਲ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਜਗਰਾਉਂ ਪੁੱਲ, ਘੰਟਾ ਘਰ ਚੌਕ, ਸਲੇਮ ਟਾਬਰੀ, ਫੀਲਡਗੰਜ ਰੋਡ, ਆਰ ਕੇ ਰੋਡ, ਸੰਗੀਤ ਸਿਨੇਮਾ ਰੋਡ, ਮੈਟਰੋ ਰੋਡ, ਇੰਡਸਟਰੀ ਏਰੀਆ, ਕੁੰਦਨਪੁਰੀ, ਜੱਸੀਆਂ ਰੋਡ, ਕਿਚਲੂ ਨਗਰ, ਮਿੱਢਾ ਚੌਕ, ਸੱਗੂ ਚੌਂਕ, ਕੀਜ਼ ਹੋਟਲ ਰੋਡ ਸੜਕਾਂ ਦਾ ਬੁਰਾ ਹਾਲ ਹੈ।
ਸੜਕਾਂ ਦੀ ਮੁਰੰਮਤ ਦੇ ਹੁਕਮ ਦਿੱਤੇ: ਮੇਅਰ
ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਮੀਂਹ ਕਾਰਨ ਸੜਕਾਂ ’ਤੇ ਨੁਕਸਾਨ ਹੋਇਆ ਹੈ, ਜਿਸਨੂੰ ਜਲਦ ਹੀ ਮੌਸਮ ਖੁੱਲ੍ਹਦੇ ਹੀ ਠੀਕ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਸਦੀ ਰਿਪੇਅਰ ਕਰਨ ਦੇ ਹੁਕਮ ਦੇ ਚੁੱਕੇ ਹਨ।