ਸਰਕਾਰੀ ਕਾਲਜ ਲੜਕੀਆਂ ਵਿੱਚ ਪੋਸਟਰ ਮੁਕਾਬਲਾ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਨੈਸ਼ਨਲ ਟਾਸਕ ਫੋਰਸ ਦੀ ਪਹਿਲਕਦਮੀ ਤਹਿਤ ਮਾਨਸਿਕ ਸਿਹਤ ਜਾਗਰੂਕਤਾ ਵਿਸ਼ੇ ’ਤੇ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਨੂੰ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਸੰਵੇਦਨਸ਼ੀਲ ਬਣਾਉਣਾ ਅਤੇ ਇਸ ਮਹੱਤਵਪੂਰਨ ਵਿਸ਼ੇ ’ਤੇ ਰਚਨਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੁਕਾਬਲੇ ਦੀ ਸ਼ੁਰੂਆਤ ਪ੍ਰਿੰਸੀਪਲ ਸੁਮਨ ਲਤਾ ਦੁਆਰਾ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਦੁਆਰਾ ਕੀਤੀ ਗਈ । ਉਹਨਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸੰਸਾਰ ਵਿੱਚ ਮਾਨਸਿਕ ਸਿਹਤ ਪ੍ਰਤੀ ਨਿਰੰਤਰ ਜਾਗਰੂਕਤਾ ਦੀ ਲੋੜ ਹੈ। ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋ ਮਨਦੀਪ ਜੋ ਮਨੋਵਿਗਿਆਨ ਸੈੱਲ ਦੇ ਕਨਵੀਨਰ ਹਨ, ਵੱਲੋਂ ਕੀਤੀ ਗਈ। ਇਸ ਮੌਕੇ ਟੀਮ ਮੈਂਬਰਾਂ ਪ੍ਰੋ. ਕਿਰਨ ਗੁਪਤਾ, ਪ੍ਰੋ. ਹਰਲੀਨ ਕੌਰ ਅਤੇ ਪ੍ਰੋ. ਪ੍ਰਿਯੰਕਾ ਦਾ ਸਰਗਰਮ ਯੋਗਦਾਨ ਰਿਹਾ।
ਇਸ ਸਮਾਗਮ ਵਿੱਚ ਵਿਦਿਆਰਥਣਾਂ ਦੀ ਉਤਸ਼ਾਹ ਭਰਪੂਰ ਭਾਗੀਦਾਰੀ ਦੇਖਣ ਨੂੰ ਮਿਲੀ। ਕਾਲਜ ਵਿਦਿਆਰਥਣਾਂ ਨੇ ਆਪਣੀ ਚਿੱਤਰਕਲਾ ਰਾਹੀਂ ਭੇਦਭਾਵ ਨੂੰ ਦੂਰ ਕਰਨ ਅਤੇ ਸਕਾਰਾਤਮਕਤਾ ਫੈਲਾਉਣ ਜਿਹੇ ਸ਼ਕਤੀਸ਼ਾਲੀ ਸੰਦੇਸ਼ ਪ੍ਰਗਟ ਕੀਤੇ। ਇਹ ਪਹਿਲ ਨੌਜਵਾਨ ਸਿੱਖਿਆਰਥੀਆਂ ਵਿੱਚ ਸੰਪੂਰਨ ਵਿਕਾਸ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।