ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਪ੍ਰਦੂਸ਼ਣ ਵਧਿਆ

ਘਰਾਂ ’ਚ ਡਿਗਦੀ ਸੁਆਹ ਕਾਰਨ ਛੱਤਾਂ ਅਤੇ ਵਿਹੜੇ ਕਾਲੇ ਹੋਏ
Advertisement

ਪਹਿਲਾਂ ਹੀ ਪ੍ਰਦੂਸ਼ਿਤ ਪਾਣੀ ਅਤੇ ਹੋਰ ਕਈ ਮੁਸੀਬਤਾਂ ਨਾਲ ਜੂਝ ਰਹੇ ਲੁਧਿਆਣਾ ਦੇ ਲੋਕਾਂ ਨੂੰ ਹੁਣ ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਨੇ ਵੱਡੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚਿਮਨੀਆਂ ਵਿੱਚੋਂ ਧੂੰਏਂ ਨਾਲ ਉਡਦੀ ਸੁਆਹ ਨਾਲ ਜਿੱਥੇ ਆਸ-ਪਾਸ ਦੇ ਘਰਾਂ ਦੀਆਂ ਛੱਤਾਂ ਅਤੇ ਵਿਹੜੇ ਕਾਲੇ ਹੋ ਰਹੇ ਹਨ ਉੱਥੇ ਸੜਕ ’ਤੇ ਜਾਂਦੇ ਰਾਹਗੀਰਾਂ ਦੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਸਨਅਤੀ ਸ਼ਹਿਰ ਵਿੱਚ ਕਈ ਉਦਯੋਗਿਕ ਇਕਾਈਆਂ ਵੱਲੋਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਅਜਿਹਾ ਬਾਲਣ ਬਾਲਿਆ ਜਾਂਦਾ ਹੈ ਜੋ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ। ਕਈ ਉਦਯੋਗਿਕ ਇਕਾਈਆਂਵਿੱਚ ਚੱਲ ਰਹੀਆਂ ਭੱਠੀਆਂ ’ਤੇ ਚੌਲਾਂ ਦੀ ਫੱਕ ਆਦਿ ਵੀ ਵਰਤੀ ਜਾਂਦੀ ਹੈ ਜੋ ਚਿਮਨੀਆਂ ਰਾਹੀਂ ਸੁਆਹ ਦੇ ਰੂਪ ਉਡ ਕੇ ਲੋਕਾਂ ਦੇ ਘਰਾਂ ਵਿੱਚ ਜਾ ਡਿਗਦੀ ਹੈ। ਕਈ ਵਾਰ ਇਹ ਸੁਆਹ ਰਸਤੇ ਵਿੱਚ ਜਾਂਦੇ ਰਾਹਗੀਰਾਂ ਦੀਆਂ ਅੱਖਾਂ ਵਿੱਚ ਵੀ ਪੈ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਪੈਂਦੇ ਫੋਕਲ ਪੁਆਇੰਟ ਵਿੱਚ ਵੀ ਕਈ ਅਜਿਹੀਆਂ ਚਿਮਨੀਆਂ ਹਨ ਜਿੱਥੋਂ ਸਵੇਰੇ-ਸ਼ਾਮ ਨਿਕਲਦਾ ਧੂੰਆਂ ਲੋਕਾਂ ਦੀਆਂ ਅੱਖਾਂ ਖਰਾਬ ਕਰ ਰਿਹਾ ਹੈ। ਇਹ ਪ੍ਰਦੂਸ਼ਿਤ ਧੂੰਆਂ ਆਸ-ਪਾਸ ਦੇ ਇਲਾਕਿਆਂ ਜੀਕੇ ਅਸਟੇਟ, ਪਿੰਡ ਮੁੰਡੀਆਂ ਅਤੇ ਹੋਰ ਮੁਹੱਲਿਆਂ ਦੇ ਵਸਨੀਕਾਂ ਲਈ ਵੀ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਲੋਕਾਂ ਵੱਲੋਂ ਲੱਖਾਂ ਰੁਪਏ ਖਰਚ ਕੇ ਬਣਾਏ ਮਕਾਨਾਂ ਦੀਆਂ ਛੱਤਾਂ-ਵਿਹੜੇ ਸਵੇਰੇ-ਸ਼ਾਮ ਕਾਲਖ ਨਾਲ ਭਰ ਜਾਂਦੇ ਹਨ। ਘਰਾਂ ਦੇ ਬਾਹਰ ਕਰਵਾਏ ਮਹਿੰਗੇ ਪੇਂਟ ਵੀ ਚਿਮਨੀਆਂ ਵਿੱਚੋਂ ਨਿਕਲਦੀ ਸੁਆਹ ਨਾਲ ਖਰਾਬ ਹੋ ਰਹੇ ਹਨ। ਭਾਵੇਂ ਸਬੰਧਤ ਵਿਭਾਗਾਂ ਵੱਲੋਂ ਅਜਿਹਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ’ਤੇ ਸਮੇਂ ਸਮੇਂ ਕਾਰਵਾਈ ਕੀਤੀ ਜਾਂਦੀ ਹੈ ਪਰ ਹਾਲਾਂ ਵੀ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਹਨ ਜਿਨ੍ਹਾਂ ਵੱਲੋਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਅਜਿਹੇ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਵੇਗਾ।

Advertisement
Advertisement