ਕੂੜੇ ਖ਼ਿਲਾਫ਼ ਧਰਨੇ ਦੇ ਤੀਜੇ ਦਿਨ ਸਿਆਸਤ ਭਾਰੂ
ਸਥਾਨਕ ਡਿਸਪੋਜ਼ਲ ਰੋਡ ’ਤੇ ਕੂੜੇ ਦੇ ਵਿਸ਼ਾਲ ਢੇਰਾਂ ਅਤੇ ਪੱਕੇ ਬਣ ਗਏ ਡੰਪ ਨੂੰ ਚੁਕਾਉਣ ਲਈ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਅੱਜ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ, ਉਥੇ ਹੀ ਚਾਰ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਦੀ ਹਮਾਇਤ ਕੀਤੀ।
ਧਰਨਾ ਕੁਝ ਸਥਾਨਕ ਲੋਕਾਂ ਅਤੇ ਅਗਵਾੜ ਖੁਆਜਾ ਬਾਜੂ ਦੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਹੈ। ਜਦੋਂ ਅੱਜ ਧਰਨੇ ਵਿੱਚ ਭਾਜਪਾ ਆਗੂ ਗੇਜਾ ਰਾਮ ਨੇ ਪਹੁੰਚ ਕੇ ਸੰਬੋਧਨ ਦੌਰਾਨ ਇਸ ਸਮੱਸਿਆ ਦਾ ਠੀਕਰਾ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਿਰ ਭੰਨ੍ਹਿਆ ਅਤੇ ਸਾਰੀਆਂ ਸਮੱਸਿਆਵਾਂ ਲਈ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂ ਧਰਨੇ ਦੀ ਅਗਵਾਈ ਕਰ ਰਹੇ ਰਾਜ ਭਾਰਦਵਾਜ ਨੇ ਕਿਹਾ ਕਿ ਇਹ ਸਾਂਝੀ ਸਮੱਸਿਆ ਨੂੰ ਲੈ ਕੇ ਸਭਨਾਂ ਦਾ ਸਾਂਝਾ ਧਰਨਾ ਹੈ। ਇਸ ਤਰ੍ਹਾਂ ਵਿਧਾਇਕਾ ਦਾ ਨਾਂ ਲੈ ਕੇ ਸਿਆਸਤ ਕਰਨੀ ਮੰਦਭਾਗੀ ਹੈ। ਧਰਨਾਕਾਰੀ ਸਰਪੰਚ ਬਲਜਿੰਦਰ ਸਿੰਘ ਅਤੇ ਰਾਜ ਭਾਰਦਵਾਜ ਨੇ ਦੱਸਿਆ ਕਿ ਨਗਰ ਕੌਂਸਲ ਨੇ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ, ਜੇਕਰ ਇਹ ਥਾਂ ਕੂੜਾ ਚੁੱਕ ਕੇ ਖਾਲੀ ਕਰ ਦਿੱਤੀ ਜਾਂਦੀ ਹੈ ਤਾਂ ਧਰਨਾ ਚੁੱਕ ਲਿਆ ਜਾਵੇਗਾ। ਧਰਨੇ ਵਿੱਚ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਤੋਂ ਨਵੀਨ ਗੋਇਲ ਤੇ ਧੀਰਜ ਵਰਮਾ ਤੋਂ ਇਲਾਵਾ ਰਵਿੰਦਰ ਸਭਰਵਾਲ, ਟੋਨੀ ਵਰਮਾ, ਸੁੱਖ ਜਗਰਾਉਂ, ਗੁਰਨਾਮ ਸਿੰਘ ਭੈਣੀ, ਵਿਨੀਤ ਗੋਇਲ ਆਦਿ ਵੀ ਹਾਜ਼ਰ ਸਨ। ਸਵਾਮੀ ਰੂਪ ਚੰਦ ਜੈਨ ਸਕੂਲ ਦੀ ਪ੍ਰਿੰਸੀਪਲ ਰਾਜਪਾਲ ਕੌਰ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਕਰਕੇ ਵਿਦਿਆਰਥੀਆਂ ਨੂੰ ਵੀ ਦਿੱਕਤ ਆ ਰਹੀ ਹੈ।
ਭਾਜਪਾ ਆਗੂ ਗੇਜਾ ਰਾਮ ਨੇ ਧਰਨੇ ਦੌਰਾਨ ਹਲਕੇ ਦੀ ਵਿਧਾਇਕਾ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਹਰ ਕੰਮ ਵਿੱਚ ਫੇਲ੍ਹ ਬੀਬੀ ਮਾਣੂੰਕੇ ਵਿਧਾਇਕਾ ਹੋਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕਰਵਾ ਸਕੀ ਜਿਸ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣੇ ਲਾਜ਼ਮੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਕਾਰਜ ਸਾਧਕ ਅਫ਼ਸਰ, ਉਪ ਮੰਡਲ ਮੈਜਿਸਟਰੇਟ ਅਤੇ ਵਧੀਕ ਡਿਪਟੀ ਕਮਿਸ਼ਨਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਕਈ ਵਾਰ ਫੋਨ ਕਰਕੇ ਇਸ ਸਮੱਸਿਆ ਤੇ ਧਰਨੇ ਬਾਰੇ ਜਾਣੂ ਕਰਾਇਆ ਪਰ ਕਿਸੇ ਅਧਿਕਾਰੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਸ ਗੰਦਗੀ ਕਰਕੇ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
 
 
             
            