ਅਦਾਲਤੀ ਹੁਕਮਾਂ ਮਗਰੋਂ ਪੁਲੀਸ ਚੌਕੀ ਖਾਲੀ ਕਰਵਾਈ
ਸਨਅਤੀ ਸ਼ਹਿਰ ਦੇ ਨੈਸ਼ਨਲ ਹਾਈਵੇਅ ’ਤੇ ਢੰਡਾਰੀ ਕਲਾਂ ਪੁਲੀਸ ਚੌਕੀ ਨੂੰ ਆਖ਼ਰਕਾਰ ਤੀਹ ਸਾਲਾਂ ਬਾਅਦ ਅਦਾਲਤ ਦੇ ਹੁਕਮਾਂ ਤੋਂ ਬਾਅਦ ਖਾਲੀ ਕਰਵਾ ਲਿਆ। ਅਦਾਲਤ ਵਿੱਚ ਇਸ 600 ਜਗ੍ਹਾਂ ਦੇ ਲਈ ਕੇਸ ਚੱਲ ਰਿਹਾ ਸੀ, ਜਿਸ ਨੂੰ ਬੀਤੇ ਦਿਨੀਂ ਜ਼ਮੀਨ ਦੇ ਮਾਲਕ ਨੇ ਜਿੱਤ ਲਿਆ ਤੇ ਉਸ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ। ਪੁਲੀਸ ਨੇ ਤਿੰਨ ਕਮਰੇ ਖਾਲੀ ਕਰ ਦਿੱਤੇ ਅਤੇ ਚਾਬੀਆਂ ਸੌਂਪ ਦਿੱਤੀਆਂ। ਹੁਣ ਬਾਕੀ ਜਗ੍ਹਾਂ ਨੂੰ 18 ਅਗਸਤ ਤੱਕ ਪੂਰਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਨੂੰ ਜਲਦੀ ਹੀ ਖਾਲੀ ਕਰ ਦਿੱਤਾ ਜਾਏਗਾ। ਜਾਣਕਾਰੀ ਮੁਤਾਬਕ ਪੁਲੀਸ ਚੌਕੀ ਢੰਡਾਰੀ ਕਲਾਂ ਜੋ ਕਿ ਪੁਲੀਸ ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਹੈ, ਉਸ ਦੀ 600 ਗਜ਼ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਗ੍ਹਾ ਦੇ ਮਾਲਕ ਦਿਨੇਸ਼ ਕੁਮਾਰ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਇਹ ਕੇਸ ਸਾਲ 2015 ਤੋਂ ਲਗਾਤਾਰ ਚਲਦਾ ਆ ਰਿਹਾ ਸੀ, ਜਿਸ ਵਿੱਚ ਬੀਤੇ ਦਿਨੀਂ ਵੱਡਾ ਫ਼ੈਸਲਾ ਸੁਣਵਾਉਂਦੇ ਹੋਏ ਅਦਾਲਤ ਨੇ 18 ਅਗਸਤ ਤੱਕ ਇਹ ਥਾਂ ਖਾਲੀ ਕਰਨ ਦੇ ਹੁਕਮ ਦਿੱਤੇ। ਜਗ੍ਹਾ ਖਾਲੀ ਕਰਨ ਦੀ ਕਾਰਵਾਈ ਦੌਰਾਨ ਕਈ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਹੀ ਚੋਰੀਆਂ, ਖੋਹਾਂ ਅਤੇ ਹੋਰ ਅਪਰਾਧ ਵੱਧ ਰਹੇ ਹਨ, ਅਗਰ ਉਥੋਂ ਚੌਕੀ ਹਟ ਜਾਏਗੀ ਤਾਂ ਹੋਰ ਵਾਰਦਾਤਾਂ ਵੱਧਣਗੀਆਂ। ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਚੌਕੀ ਹਟਾਉਣ ਤੋਂ ਬਾਅਦ ਉਨ੍ਹਾਂ ਕੋਲ ਕੋਈ ਸਥਾਈ ਜਗ੍ਹਾਂ ਨਹੀਂ ਰਹੇਗੀ। ਫਿਲਹਾਲ ਮੇਜ਼ਾਂ ਅਤੇ ਕੁਰਸੀਆਂ ਸਣੇ ਬਾਕੀ ਸਾਮਾਨ ਬਾਹਰ ਕੱਢ ਲਿਆ ਗਿਆ ਹੈ। ਚੌਕੀ ਪੂਰੀ ਤਰ੍ਹਾਂ ਖਾਲੀ ਹੋਣ ਤੋਂ ਬਾਅਦ ਚਾਬੀਆਂ ਅਦਾਲਤ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ।