ਵਿਦਿਆਰਥਣਾਂ ਤੇ ਔਰਤਾਂ ਦੀ ਸੁਰੱਖਿਆ ਲਈ ਪੁਲੀਸ ਵੱਲੋਂ ‘ਸ਼ੀ ਸਕੁਐਡ’ ਮੁਹਿੰਮ ਸ਼ੁਰੂ
ਮਾਛੀਵਾੜਾ, 13 ਮਈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਹੁਣ ਇਲਾਕੇ ਵਿੱਚ ਵਿਦਿਆਰਥਣਾਂ ਤੇ ਔਰਤਾਂ ਦੀ ਸੁਰੱਖਿਆ ਲਈ ਪੁਲੀਸ ਨੇ ‘ਸ਼ੀ ਸਕੁਐਡ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਸਕੂਲਾਂ, ਕਾਲਜਾਂ ਅਤੇ ਮੁਹੱਲਿਆਂ ਵਿੱਚ ਮਹਿਲਾ ਪੁਲੀਸ ਕਰਮਚਾਰੀ ਆਪਣੇ ਵਿਸ਼ੇਸ਼ ਵਾਹਨ ਰਾਹੀਂ ਗਸ਼ਤ ਕਰਨਗੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣਗੀਆਂ। ਅੱਜ ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਵੀ ਮਹਿਲਾ ਪੁਲੀਸ ਕਰਮਚਾਰੀ ਰਾਜ ਕੌਰ ਤੇ ਪੂਜਾ ਰਾਣੀ ਆਪਣੇ ਵਿਸ਼ੇਸ਼ ਵਾਹਨ ਨਾਲ ਤਾਇਨਾਤ ਦਿਖਾਈ ਦਿੱਤੀਆਂ। ਉਹ ਅਨਾਊਂਸਮੈਂਟ ਕਰ ਰਹੇ ਸਨ ਕਿ ਸਕੂਲ ਦੇ ਨੇੜੇ ਕੋਈ ਵੀ ਨੌਜਵਾਨ ਗੇੜੀਆਂ ਨਾ ਮਾਰੇ ਅਤੇ ਹੂਟਰ ਵਜਾ ਕੇ ਇਸ ਸਬੰਧੀ ਮੁਸਤੈਦੀ ਵਰਤੀ ਜਾ ਰਹੀ ਸੀ। ਮਹਿਲਾ ਪੁਲੀਸ ਕਰਮਚਾਰੀ ਰਾਜ ਕੌਰ ਤੇ ਪੂਜਾ ਰਾਣੀ ਨੇ ਦੱਸਿਆ ਕਿ ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸ.ਐੱਸ.ਪੀ. ਜੋਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਉਹ ਸਕੂਲਾਂ- ਕਾਲਜਾਂ ਦੇ ਬਾਹਰ ਗਸ਼ਤ ਕਰਦੇ ਹਨ ਅਤੇ ਜੇਕਰ ਕੋਈ ਵਿਦਿਆਰਥਣ ਉਨ੍ਹਾਂ ਨੂੰ ਛੇੜਛਾੜ ਸਬੰਧੀ ਸ਼ਿਕਾਇਤ ਕਰਦੀ ਹੈ ਤਾਂ ਉਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ, ਕਾਲਜ ਖੁੱਲ੍ਹਣ ਤੇ ਬੰਦ ਹੋਣ ਤੋਂ ਇਲਾਵਾ ਉਨ੍ਹਾਂ ਦੀ ‘ਸ਼ੀ ਸਕੁਐਡ’ ਗਸ਼ਤ ਗਲੀਆਂ, ਮੁਹੱਲਿਆਂ ਵਿੱਚ ਵੀ ਨਿਗਰਾਨੀ ਕਰਦੀ ਹੈੈ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸਦੀ ਜਾਂਚ ਕੀਤੀ ਜਾਂਦੀ ਹੈ। ਪੁਲੀਸ ਕਰਮਚਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਔਰਤਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ ’ਚ ਆਉਣ ਦੀ ਕੋਈ ਜ਼ਰੂਰਤ ਨਹੀਂ ਬਲਕਿ ਨੇੜੇ ਹੀ ਖੁੱਲ੍ਹੇ ਸਾਂਝ ਕੇਂਦਰ ਜਿੱਥੇ ਮਹਿਲਾ ਮਿੱਤਰ ਡੈਸਕ ਖੋਲ੍ਹਿਆ ਗਿਆ ਹੈ, ਆਪਣੀ ਸ਼ਿਕਾਇਤ ਦਰਜ ਕਰਵਾਏ।
ਵਿਦਿਆਰਥਣਾਂ ਦੇ ਮਾਪੇ ਪੁਲੀਸ ਦੀ ਮੁਹਿੰਮ ਤੋਂ ਖ਼ੁਸ਼
ਸਕੂਲਾਂ-ਕਾਲਜਾਂ ਦੇ ਬਾਹਰ ਵਿਦਿਆਰਥਣਾਂ ਦੀ ਸੁਰੱਖਿਆ ਲਈ ਸਥਾਪਤ ਕੀਤੀ ਗਈ ‘ਸ਼ੀ ਸਕੁਐਡ’ ਦੀ ਕਾਰਗੁਜ਼ਾਰੀ ਦੇਖ ਕੇ ਅੱਜ ਮਾਪੇ ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਕਸਰ ਸ਼ਿਕਾਇਤਾਂ ਮਿਲਦੀਆਂ ਹਨ ਕਿ ਸਕੂਲ ’ਚ ਛੁੱਟੀ ਦੌਰਾਨ ਕੁਝ ਮਨਚਲੇ ਨੌਜਵਾਨ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਦੇ ਹਨ ਪਰ ਹੁਣ ਪੁਲੀਸ ਦੀ ਮੁਸਤੈਦੀ ਵੱਡੀ ਰਾਹਤ ਦੇਵੇਗੀ। ਇੱਕ ਵਿਦਿਆਰਥਣ ਦੀ ਮਾਤਾ ਰਣਵੀਰ ਕੌਰ ਨੇ ਕਿਹਾ ਕਿ ਉਹ ਆਪਣੀ ਲੜਕੀ ਨੂੰ ਰੋਜ਼ਾਨਾ ਸਕੂਲ ਤੋਂ ਲੈਣ ਆਉਂਦੀ ਹੈ ਅਤੇ ਅਕਸਰ ਦੇਖਦੇ ਹਨ ਕਿ ਨੌਜਵਾਨ ਆਸ-ਪਾਸ ਗੇੜੀਆਂ ਮਾਰਦੇ ਰਹਿੰਦੇ ਹਨ ਪਰ ਹੁਣ ਮਹਿਲਾ ਪੁਲੀਸ ਦੀ ਤਾਇਨਾਤੀ ਕਾਰਨ ਵਿਦਿਆਰਥਣਾਂ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇੱਕ ਵਿਦਿਆਰਥਣ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਪੁਲੀਸ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਔਰਤਾਂ ਦੀ ਸੁਰੱਖਿਆ ਲਈ ਯਤਨ ਕੀਤਾ ਹੈ।