ਸਕੂਲਾਂ ਬਾਹਰ ਸਿਗਰਟਾਂ ਦੇ ਖੋਖਿਆਂ ’ਤੇ ਜਾਂਚ ਕਰਨ ਪੁੱਜੀ ਪੁਲੀਸ
ਲੁਧਿਆਣਾ ਪੁਲੀਸ ਦੀਆਂ ਟੀਮਾਂ ਨੇ ਸਕੂਲਾਂ ਦੇ 100 ਮੀਟਰ ਦੇ ਦਾਇਰੇ ਵਿੱਚ ਆਉਣ ਵਾਲਿਆਂ ਪਾਨ ਸਿਗਰਟ ਦੀਆਂ ਦੁਕਾਨਾਂ ’ਤੇ ਅੱਜ ਚੈਕਿੰਗ ਦੀ ਮੁਹਿੰਮ ਚਲਾਈ। ਪੁਲੀਸ ਨੇ ਸਕੂਲਾਂ ਦੇ 100 ਮੀਟਰ ਦੇ ਦਾਇਰੇ ਅੰਦਰ ਆਉਂਦੀਆਂ ਦੁਕਾਨਾਂ ’ਤੇ ਈ-ਸਿਗਰਟ ਤੇ ਹੁੱਕੇ ਵੇਚਣ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਤਹਿਤ ਹੀ ਪੁਲੀਸ ਦੀਆਂ ਵੱਖ ਵੱਖ ਟੀਮਾਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਇਹ ਚੈਕਿੰਗ ਮੁਹਿੰਮ ਚਲਾਈ। ਚੈਕਿੰਗ ਦੌਰਾਨ ਪੁਲੀਸ ਨੇ ਦੁਕਾਨਦਾਰਾਂ ਦੇ ਸਾਰੇ ਸਮਾਨ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ 100 ਮੀਟਰ ਦੇ ਘੇਰੇ ਵਿੱਚ ਬੱਚਿਆਂ ਨੂੰ ਈ-ਸਿਗਰੇਟ ਜਾਂ ਕੋਈ ਤੰਬਾਕੂ ਬੀੜੀ ਵੇਚੀ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਏਡੀਸੀਪੀ ਕਰਨਵੀਰ ਸਿੰਘ ਦੀ ਅਗਵਾਈ ਹੇਠ ਇਹ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿੱਚ ਏਸੀਪੀ ਸਾਊਥ ਅਤੇ ਏਸੀਪੀ ਇੰਡਸਟਰੀ ਏਰੀਆ ਬੀ ਅਤੇ ਜ਼ੋਨ 2 ਦੇ ਪੁਲੀਸ ਅਧਿਕਾਰੀ ਵੀ ਸ਼ਾਮਲ ਸਨ। ਟੀਮਾਂ ਨੇ ਸਕੂਲਾਂ ਦੇ ਨੇੜੇ ਕਈ ਥਾਵਾਂ ’ਤੇ ਅਚਾਨਕ ਜਾਂਚ ਕੀਤੀ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਖਾਸ ਮੁਹਿੰਮ ਸ਼ਹਿਰ ਵਿੱਚ ਵਿਦਿਆਰਥੀਆਂ ਨੂੰ ਅਜਿਹੇ ਮਾੜੇ ਨਸ਼ੇ ਤੇ ਮਾੜੀ ਲੱਤ ਤੋਂ ਦੂਰ ਰੱਖਣ ਦੇ ਲਈ ਚਲਾਈ ਗਈ ਹੈ। ਲੁਧਿਆਣਾ ਪੁਲੀਸ ਨੇ ਲੋਕਾਂ ਨੂੰ ਸਕੂਲਾਂ ਦੇ ਨੇੜੇ ਤੰਬਾਕੂ ਜਾਂ ਈ-ਸਿਗਰੇਟ ਦੀ ਕਿਸੇ ਵੀ ਗੈਰ-ਕਾਨੂੰਨੀ ਸਮਾਨ ਦੀ ਵਿਕਰੀ ’ਤੇ ਪਾਬੰਦੀ ਲਗਾਈ ਹੈ। ਨਾਲ ਹੀ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਵਿੱਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਦੁਕਾਨਦਾਰਾਂ ਨੇ ਗੱਲ ਨਾ ਮੰਨੀ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
