ਪੁਲੀਸ ਵੱਲੋਂ ਡਰੱਗ ਆਈਸ ਤੇ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
ਇੱਥੋਂ ਦੀ ਪੁਲੀਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਰੋਹ ਦੇ ਚਾਰ ਮੈਬਰਾਂ ਨੂੰ 500 ਗ੍ਰਾਮ ਡਰੱਗ ਆਈਸ ਅਤੇ 165 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਬਿਸ਼ਨਪੁਰਾ ਕੱਟ ਤੋ ਦੋਰਾਹਾ ਸਾਈਡ ਨੂੰ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 15 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਹੋਇਆ ਜਿਨ੍ਹਾਂ ਦੀ ਪਛਾਣ ਅਭਿਸ਼ੇਕ ਸਿੰਘ ਉਰਫ ਅਭੀ ਅਤੇ ਨਵਦੀਪ ਸਿੰਘ ਉਰਫ ਨਵੀ (ਦੋਵੇਂ ਵਾਸੀ ਪਾਇਲ) ਵਜੋਂ ਹੋਈ। ਪੁੱਛਗਿੱਛ ਉਪਰੰਤ ਪੁਲੀਸ ਵੱਲੋਂ ਧਰਮਵੀਰ ਉਰਫ ਬੰਟੀ ਗੁੱਜਰ ਵਾਸੀ ਦੋਰਾਹਾ, ਹਰਮਨ ਵਾਸੀ ਬਸਤੀ ਚੌਕ ਲੁਧਿਆਣਾ ਅਤੇ ਮੋਹਿਤ ਵਾਸੀ ਫਿਰੋਜ਼ਪੁਰ ਨੂੰ ਨਾਮਜ਼ਦ ਕਰਕੇ ਧਰਮਵੀਰ ਸਿੰਘ ਉਰਫ ਬੰਟੀ ਗੁੱਜਰ ਅਤੇ ਹਰਮਨ ਨੂੰ ਕਾਬੂ ਕਰਕੇ 500 ਗ੍ਰਾਮ ਡਰੱਗ ਆਈਸ ਅਤੇ 165 ਗ੍ਰਾਮ ਹੈਰੋਇਨ ਸਮੇਤ ਵਰਨਾ ਕਾਰ ਬਰਾਮਦ ਕੀਤੀ ਗਈ। ਜਦੋਂਕਿ ਤੀਜਾ ਮੁਲਜ਼ਮ ਮੋਹਿਤ ਵਾਸੀ ਫਿਰੋਜ਼ਪੁਰ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ।