ਨਸ਼ਿਆਂ ਖ਼ਿਲਾਫ਼ ਹੋਕਾ ਦਿੰਦਾ ਨਾਟਕ ‘ਫੁੱਲਾਂ ਦੇ ਰੰਗ ਕਾਲੇ’ ਖੇਡਿਆ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਸੁਨਾਮ ਦੀ ਯਾਦ ਵਿੱਚ ਨਾਟਕ ਸਮਾਗਮ ਕਰਵਾਇਆ ਗਿਆ। ਸਥਾਨਕ ਗੁਰਸ਼ਰਨ ਕਲਾ ਭਵਨ ਵਿਖੇ ਹਰ ਮਹੀਨੇ ਦੇ ਅਖ਼ੀਰਲੇ ਸ਼ਨੀਵਾਰ ਨੂੰ ਹੋਣ ਵਾਲੇ ਨਾਟਕ ਮੇਲੇ ਦਾ ਇਸ ਵਾਰ ਉਦਘਾਟਨ ਸਾਂਝੇ ਰੂਪ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਪੰਜਾਬ ਲੋਕ ਸਭਿਆਚਾਰ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਸੁਖਵੰਤ ਸਿੰਘ ਮੋਹੀ, ਜਗਤਾਰ ਸਿੰਘ ਹਿੱਸੋਵਾਲ, ਮਾਸਟਰ ਉਜਾਗਰ ਸਿੰਘ, ਪਰਗਟ ਸਿੰਘ, ਹਰਕੇਸ਼ ਚੌਧਰੀ, ਬਾਬਾ ਤੇਜਾ ਸਿੰਘ ਗਿੱਲ, ਭਾਗ ਸਿੰਘ ਗਿੱਲ ਨੇ ਕੀਤਾ।
ਇਸ ਮੌਕੇ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਦੇਸ਼ਭਗਤਾਂ ਨੇ ਇਕ ਈਸਟ ਇੰਡੀਆ ਕੰਪਨੀ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਸੀ, ਅੱਜ ਪੰਜ ਹਜ਼ਾਰ ਕੰਪਨੀਆਂ ਆ ਰਹੀਆਂ ਹਨ। ਕੰਵਲਜੀਤ ਖੰਨਾ ਨੇ ਲੋਕ ਕਲਾ ਮੰਚ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੀ ਵਿਗੜ ਰਹੀ ਸਥਿਤੀ ’ਤੇ ਚਿੰਤਾ ਪ੍ਰਗਟਾਈ। ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਅਜੇ ਅਧੂਰੇ ਹਨ। ਉਨ੍ਹਾਂ ਨੂੰ ਸਾਕਾਰ ਕਰਨਾ ਸਮੇਂ ਦੀ ਲੋੜ ਹੈ। ਉਪਰੰਤ ਨਾਟਕ ਪੇਸ਼ ਕੀਤਾ ਗਿਆ। ਕ੍ਰਾਂਤੀ ਕਲਾ ਮੰਚ ਮੋਗਾ ਦੀ ਟੀਮ ਟੇ ਚਮਕੌਰ ਸਿੰਘ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਫੁੱਲਾਂ ਦੇ ਰੰਗ ਕਾਲੇ’ ਖੇਡਿਆ। ਇਸ ਨਾਟਕ ਵਿੱਚ ਨੌਜਵਾਨ ਪੀੜ੍ਹੀ ਵਿੱਚ ਵੱਧ ਰਹੇ ਮੋਬਾਈਲ ਫੋਨ ਦੀ ਵਰਤੋਂ ਦੇ ਰੁਝਾਨ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਨੂੰ ਦਰਸਾਇਆ ਗਿਆ। ਬਲਜੀਤ ਸਿੰਘ ਮੋਗਾ ਦੀ ਅਦਾਕਾਰੀ ਵਧੀਆ ਰਹੀ। ਨਾਟਕ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਚਮਕੌਰ ਸਿੰਘ ਅਤੇ ਏਕਮਜੀਤ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਨਾਟਕ ਨਸ਼ਿਆਂ ਦੇ ਵਿਰੁੱਧ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਮੌਕੇ ਮਾਸਟਰ ਗੁਰਜੀਤ ਸਿੰਘ, ਲੈਕਚਰਾਰ ਇਕਬਾਲ ਸਿੰਘ, ਜਰਨੈਲ ਸਿੰਘ ਮੈਂਬਰ, ਮਾਸਟਰ ਧਰਮਿੰਦਰ ਸਿੰਘ ਜਾਂਗਪੁਰ, ਮਾਸਟਰ ਜਗਦੀਪ ਸਿੰਘ, ਮਾਸਟਰ ਬਲਦੇਵ ਸਿੰਘ, ਮਾਸਟਰ ਗੁਰਮੀਤ ਧਨੋਆ, ਮਾਸਟਰ ਬਲਵੀਰ ਸਿੰਘ ਤੇ ਹੋਰ ਹਾਜ਼ਰ ਸਨ।