ਯੂਨੀਵਰਸਿਟੀ ਵਿੱਚ ਪੌਦਾ ਰੋਗ ਮਾਹਿਰਾਂ ਦੀ ਕਾਨਫਰੰਸ ਸ਼ੁਰੂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਅੱਜ ਪੌਦਾ ਰੋਗ ਮਾਹਿਰਾਂ ਦਾ ਤਿੰਨ ਰੋਜ਼ਾ ਸਿੰਪੋਜ਼ੀਅਮ ਆਰੰਭ ਹੋ ਗਿਆ। ਇਹ ਕਾਨਫਰੰਸ ਪੌਦਾ ਰੋਗ ਮਾਹਿਰਾਂ ਦੀ ਭਾਰਤੀ ਸੁਸਾਇਟੀ ਅਤੇ ਪੀ ਏ ਯੂ ਲੁਧਿਆਣਾ ਦੀ ਪੌਦਾ ਰੋਗ ਵਿਗਿਆਨੀਆਂ ਦੀ ਸੁਸਾਇਟੀ ਵੱਲੋਂ ਆਈ ਏ ਆਰ ਆਈ ਖੇਤਰੀ ਕੇਂਦਰ ਸ਼ਿਮਲਾ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਸ਼ੁਰੂਆਤੀ ਸੈਸ਼ਨ ਵਿੱਚ ਪੀ ਏ ਯੂ ਦੇ ਸਾਬਕਾ ਉਪ ਕੁਲਪਤੀ ਡਾ. ਕਿਰਪਾਲ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ’ਵਰਸਿਟੀ ਦੇ ਮੌਜੂਦਾ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਅਤੇ ਡਾ. ਪੀ ਕੇ ਚੱਕਰਬਰਤੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਮਹਾਰਾਣਾ ਪ੍ਰਤਾਪ ਖੇਤੀ ਯੂਨੀਵਰਸਿਟੀ ਉਦੈਪੁਰ ਦੇ ਸਾਬਕਾ ਉਪ ਕੁਲਪਤੀ ਡਾ. ਐੱਸ ਐੱਸ ਚਾਹਲ ਮੌਜੂਦ ਸਨ। ਡਾ. ਔਲਖ ਨੇ ਨੌਜਵਾਨ ਪੌਦਾ ਰੋਗ ਮਾਹਿਰਾਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਦੇ ਵਿਕਾਸ ਵਿੱਚ ਬਿਮਾਰੀਆਂ ਦੀ ਰੋਕਥਾਮ ਕਰਨ ਵਾਲੇ ਮਾਹਿਰਾਂ ਦਾ ਕਾਫ਼ੀ ਯੋਗਦਾਨ ਹੈ। ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮੌਜੂਦਾ ਸਮਾਂ ਖੇਤੀ ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਦਾ ਹੈ। ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਅੱਜ ਸ਼ੁਰੂ ਹੋਈ ਕਾਨਫਰੰਸ ਇਸ ਦਿਸ਼ਾ ਵਿਚ ਨਵੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਸਫਲ ਰਹੇਗੀ। ਡਾ. ਚੱਕਰਬਰਤੀ ਨੇ ਪੌਦਾ ਰੋਗ ਮਾਹਿਰਾਂ ਦੀ ਖੇਤੀ ਵਿੱਚ ਵਧ ਰਹੀ ਭੂਮਿਕਾ ਬਾਰੇ ਗੱਲਬਾਤ ਕੀਤੀ। ਡਾ. ਆਰ ਵਿਸ਼ਵਨਾਥਨ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਚਾਹਲ ਨੇ ਪੌਦਾ ਰੋਗ ਵਿਗਿਆਨ ਦੇ ਖੇਤਰ ਵਿਚ ਹਰ ਰੋਜ਼ ਸ਼ਾਮਲ ਹੋ ਰਹੀਆਂ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਦੀ ਗੱਲ ਕੀਤੀ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਖੇਤਰ ਵਿਚ ਸੰਯੁਕਤ ਤਕਨੀਕਾਂ ਦਾ ਵਿਸ਼ੇਸ਼ ਹਵਾਲਾ ਦਿੱਤਾ। ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਪੌਦਾ ਰੋਗ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵੱਲੋਂ ਡਾ. ਜਸਪਾਲ ਕੌਰ, ਡਾ. ਅਨੀਤਾ ਅਰੋੜਾ, ਡਾ. ਹਰਲੀਨ ਕੌਰ ਅਤੇ ਡਾ. ਵੀ ਸ਼ਾਨਮੁਗਮ ਨੂੰ ਫੈਲੋ ਨਿਯੁਕਤ ਕੀਤਾ ਗਿਆ। ਪੌਦਾ ਰੋਗ ਮਾਹਿਰ ਡਾ. ਟੀ ਐੱਸ ਥਿੰਦ ਨੂੰ ਡਾ. ਦਲੀਪ ਕੁਮਾਰ ਘੋਸ਼ ਯਾਦਗਾਰੀ ਪੌਦਾ ਰੋਗ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਲੋਕ ਅਰਪਿਤ ਕੀਤਾ। ਸਮਾਰੋਹ ਦਾ ਸੰਚਾਲਨ ਡਾ. ਯੋਗਿਤਾ ਵੋਹਰਾ ਨੇ ਕੀਤਾ।
