ਸ਼ਰਧਾਲੂਆਂ ਦੀ ਮੌਤ ਦਾ ਮਾਮਲਾ: ਮਾਣਕਵਾਲ ’ਚ ਅੱਠ ਦੇਹਾਂ ਦਾ ਸਸਕਾਰ
ਨੈਣਾਂ ਦੇਵੀ ਦੇ ਦਰਸ਼ਨਾਂ ਤੋਂ ਪਰਤ ਰਹੇ ਸ਼ਰਧਾਲੂਆਂ ਦਾ ਟੈਂਪੂ ਜਗੇੜਾ ਪੁਲ ਨੇੜੇ ਸਰਹੰਦ ਨਹਿਰ ਵਿੱਚ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਸੀ, ਇਸ ਟੈਂਪੂ ਵਿੱਚ 29 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਵਿੱਚ ਅੱਠ ਤੋਂ 10 ਸ਼ਰਧਾਲੂ ਪਾਣੀ ਦੇ ਤੇਜ਼ ਵਹਾਓ ਨਾਲ ਰੁੜ ਗਏ ਸਨ ਅਤੇ ਬਾਕੀਆਂ ਨੂੰ ਪੁਲੀਸ ਪ੍ਰਸ਼ਾਸਨ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਬਚਾ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ ਅੱਠ ਮ੍ਰਿਤਕ ਸਰੀਰਾਂ ਦਾ ਪੋਸਟਮਾਰਟਮ ਕਰਵਾ ਅੱਜ ਪਿੰਡ ਮਾਣਕਵਾਲ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਹਰੀ ਸਿੰਘ ਮਾਣਕਵਾਲ ਨੇ ਦੱਸਿਆ ਕਿ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਤੋਂ ਪਰਤ ਰਹੇ ਟੈਂਪੂ ਜਗੇੜਾ ਨਹਿਰ ਵਿੱਚ ਡਿੱਗ ਗਿਆ ਸੀ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 8 ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਅੱਜ ਪਿੰਡ ਮਾਣਕਵਾਲ ਵਿੱਚ ਸਸਕਾਰ ਕੀਤਾ ਗਿਆ ਹੈ। ਇਸ ਮੌਕੇ ਹਰਜੀਤ ਕੌਰ, ਉਸ ਦੇ ਬੇਟਾ ਆਕਾਸ਼ਦੀਪ ਅਤੇ ਬੇਟੀ ਅਰਸ਼ਪ੍ਰੀਤ ਕੌਰ ਦਾ ਇਕੱਠਿਆਂ ਇੱਕ ਚਿਖਾ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਜਰਨੈਲ ਸਿੰਘ, ਕ੍ਰਿਸ਼ਨਾ ਕੌਰ, ਮਲਕੀਤ ਕੌਰ, ਮਹਿੰਦਰ ਕੌਰ ਅਤੇ ਡੇਢ ਸਾਲਾ ਬੱਚੀ ਸੁਖਮਨਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸੁਖਮਨਪ੍ਰੀਤ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਕੇਸਰ ਸਿੰਘ ਦੋਵੇਂ ਲਾਪਤਾ ਹਨ ਜਿਨ੍ਹਾਂ ਦੀ ਟੀਮਾਂ ਵੱਲੋਂ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਟੈਂਪੂ ਵਿੱਚ ਮੌਜੂਦ ਚਾਚਾ ਭਤੀਜਾ ਜਿਨ੍ਹਾਂ ਨੇ ਆਪਣੀ ਜਾਨ ’ਤੇ ਖੇਡ ਕੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ। ਉਨ੍ਹਾਂ ਆਪਣੀ ਸਿਰ ਦੀ ਦਸਤਾਰ ਉਤਾਰ ਕੇ ਲੱਕ ਨਾਲ ਬੰਨ੍ਹੀ ਤੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਤਾ ਨੈਣਾਂ ਦੇਵੀ ਤੋਂ ਵਾਪਸ ਆਉਂਦਿਆਂ ਉਹ ਰਾੜਾ ਸਾਹਿਬ ਗੁਰੂਘਰ ਵਿੱਚ ਰੁਕੇ ਜਿੱਥੇ ਸਾਰਿਆਂ ਨੇ ਨਤਮਸਤਕ ਹੋ ਕੇ ਲੰਗਰ ਛਕਿਆ ਪਰ ਡਰਾਈਵਰ ਤੇ ਉਸ ਦਾ ਇੱਕ ਸਾਥੀ ਟੈਂਪੂ ਵਿੱਚ ਹੀ ਬਾਹਰ ਮੌਜੂਦ ਰਹੇ ਜਿਨ੍ਹਾਂ ਦਾ ਨਸ਼ਾ ਕਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਟੈਂਪੂ ਚਾਲਕ ਵਿਰੁੱਧ ਪੁਲੀਸ ਜਾਂਚ ਕਰਵਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਸਮੇਂ ਹਲਕਾ ਵਿਧਾਇਕ ਜਮੀਲੂ ਰਹਿਮਾਨ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।