ਜਗਰਾਉਂ ਦੀਆਂ ਸੜਕਾਂ ਦੇ ਦੋਵੇਂ ਪਾਸੇ ਕੂੜੇ ਦੇ ਢੇਰ
ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਜਗਰਾਉਂ ਦੀ ਸਫ਼ਾਈ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਕੂੜਾ ਖਿੱਲਰਿਆ ਹੋਇਆ ਜਿਸ ਕਰਕੇ ਲੋਕਾਂ ਨੂੰ ਲੰਘਣਾ ਵੀ ਔਖਾ ਹੋ ਰਿਹਾ ਹੈ। ਇਨ੍ਹਾਂ ਹੀ ਸਕੜਾਂ ਦੇ ਪਾਸਿਆਂ 'ਤੇ ਕੂੜ ਦੇ ਪਹਾੜ ਲਾ ਛੱਡੇ ਹਨ। ਨੇੜੇ ਸਥਿਤ ਧਾਰਮਿਕ ਅਸਥਾਨਾਂ ਦਾ ਵੀ ਲਿਹਾਜ਼ ਨਹੀਂ ਕੀਤਾ ਜਾ ਰਿਹਾ। ਇਸ ਸਮੱਸਿਆ ਤੋਂ ਅੱਕੇ ਲੋਕ ਸੰਘਰਸ਼ ਦੇ ਰੌਂਅ ਵਿੱਚ ਹਨ। ਅੱਜ ਸ਼ਹਿਰ ਦਾ ਦੌਰਾ ਕਰਨ 'ਤੇ ਸਭ ਤੋਂ ਮੰਦਹਾਲੀ ਵਿੱਚ ਡਿਸਪੋਜ਼ਲ ਰੋਡ ਦਿਖਾਈ ਦਿੱਤਾ। ਮੰਦਰ ਤੇ ਗਊਸ਼ਾਲਾ ਨੇੜੇ ਹੀ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਭਾਰੀ ਮਾਤਰਾ ਵਿੱਚ ਕੂੜਾ ਸੜਕ 'ਤੇ ਖਿੱਲਰਿਆ ਪਿਆ ਸੀ। ਇਸੇ ਕੂੜੇ ਵਿੱਚ ਇਕ ਪਾਸੇ ਪਸ਼ੂ ਮੂੰਹ ਮਾਰ ਰਹੇ ਸਨ ਤੇ ਦੂਜੇ ਪਾਸੇ ਕਾਗਜ਼ ਚੁਗਣ ਵਾਲੇ ਆਪਣੀ ਰੋਜ਼ ਰੋਟੀ ਇਸੇ ਵਿੱਚੋਂ ਤਲਾਸ਼ ਰਹੇ ਸਨ। ਹਾਲਤ ਬਦ ਤੋਂ ਬਦਤਰ ਹੋ ਜਾਣ ਕਰਕੇ ਰਾਹਗੀਰਾਂ ਨੂੰ ਲੰਘਣਾ ਵੀ ਮੁਸ਼ਕਿਲ ਨਜ਼ਰ ਆ ਰਿਹਾ ਸੀ। ਗੱਡੀਆਂ ਕਾਰਾਂ ਦੀ ਗੱਲ ਛੱਡੋਂ ਸਕੂਟਰ ਸਾਈਕਲ ਲੰਘਾਉਣ ਵੀ ਇਸ ਥਾਂ ਤੋਂ ਔਖਾ ਹੋ ਗਿਆ ਹੈ। ਇਹੋ ਹਾਲ ਨਵੀਂ ਦਾਣਾ ਮੰਡੀ ਤੋਂ ਡਾ. ਹਰੀ ਸਿੰਘ ਰੋਡ ਦਾ ਹੋ ਗਿਆ ਹੈ। ਇਸ ਰੋਡ ’ਤੇ ਰਾਇਲ ਸਿਟੀ ਦੇ ਮੁੱਖ ਗੇਟ ਸਾਹਮਣੇ ਕੂੜੇ ਦੇ ਵੱਡੇ ਢੇਰ ਪੱਕੇ ਹੀ ਲੱਗ ਗਏ ਹਨ। ਇਨ੍ਹਾਂ ਢੇਰਾਂ ਅੱਗੇ ਵੀ ਕੂੜਾ ਖਿੱਲਰਿਆ ਹੋਇਆ ਨਜ਼ਰ ਆ ਰਿਹਾ ਸੀ। ਸੂਆ ਰੋਡ, ਕੱਚਾ ਮਲਕ ਰੋਡ, ਰਾਏਕੋਟ ਰੋਡ ਸਣੇ ਸ਼ਹਿਰ ਦੇ ਕਈ ਹੋਰ ਹਿੱਸਿਆਂ ਦੀ ਹਾਲਤ ਵੀ ਇਸ ਤੋਂ ਵੱਖਰੀ ਨਹੀਂ। ਇਓਂ ਜਾਪਦਾ ਹੈ ਜਿਵੇਂ ਸ਼ਹਿਰ ਦੀ ਸਫ਼ਾਈ ਨੂੰ ਸਰਕਾਰ ਤੇ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਅਣਦੇਖਿਆ ਹੀ ਕਰ ਦਿੱਤਾ ਹੋਵੇ। ਅਗਲੇ ਦਿਨਾਂ ਵਿੱਚ ਦੀਵਾਲੀ ਸਣੇ ਹੋਰ ਕਈ ਤਿਉਹਾਰ ਹਨ ਪਰ ਇਸ ਗੰਦਗੀ ਕਰਕੇ ਜਿੱਥੇ ਬਦਬੂ ਨੇ ਜਿਊਣਾ ਦੁੱਭਰ ਕਰ ਰੱਖਿਆ ਹੈ ਉਥੇ ਗਰਮੀ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਰਾਜ ਕੁਮਾਰ, ਮਿਯੰਕ, ਬਲਦੇਵ ਸਿੰਘ, ਰਿਤੇਸ਼ ਕੁਮਾਰ ਤੇ ਹੋਰਨਾਂ ਨੇ ਮੰਗ ਕੀਤੀ ਹੈ ਕਿ ਬਾਕੀ ਸਾਰੇ ਕੰਮ ਛੱਡ ਕੇ ਕੂੜੇ ਦੇ ਢੇਰ ਚੁਕਾਏ ਜਾਣ ਅਤੇ ਸਫ਼ਾਈ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਵਿਸ਼ੇਸ਼ ਧਿਆਨ ਇਸ ਪਾਸੇ ਮੰਗਿਆ ਹੈ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸੰਪਰਕ ਕਰਨ 'ਤੇ ਕਿਹਾ ਕਿ ਰੋਜ਼ਾਨਾ ਕੂੜਾ ਚੁੱਕਿਆ ਜਾਂਦਾ ਹੈ ਅਤੇ ਜਿਹੜਾ ਇਕ ਦੋ ਥਾਵਾਂ 'ਤੇ ਕੂੜਾ ਜਮ੍ਹਾ ਹੋ ਗਿਆ ਹੈ ਉਹ ਵੀ ਜਲਦ ਚੁਕਾਇਆ ਜਾਵੇਗਾ।