ਖੰਨਾ ਸਬਜ਼ੀ ਮੰਡੀ ’ਚ ਲੱਗੇ ਕੂੜੇ ਦੇ ਢੇਰ
ਇਥੋ ਦੀ ਸਬਜ਼ੀ ਮੰਡੀ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਰਕਾਰ ਦੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਨਜ਼ਰ ਆਉਂਦੇ ਹਨ। ਸਫ਼ਾਈ ਦੇ ਠੇਕੇ ਦੇ ਬਾਵਜੂਦ ਇੱਥੇ ਸਫ਼ਾਈ ਨਾਮਾਤਰ ਹੈ। ਇਸ ਤੋਂ ਇਲਾਵਾ ਵਾਧੂ ਕੂੜਾ ਨਾਲ ਲੱਗਦੇ ਫੌਜੀ ਮੈਦਾਨ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਸਫ਼ਾਈ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਗੰਦਗੀ ਸਬਜ਼ੀ ਮੰਡੀ ਦੀ ਨਹੀਂ ਸਗੋਂ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਦੇ ਘਰਾਂ ਦੀ ਹੈ। ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਪਖ਼ਾਨੇ ਵੀ ਗੰਦਗੀ ਨਾਲ ਭਰੇ ਹੋਏ ਹਨ। ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਇਹ ਸ਼ੈੱਡ ਖੰਨਾ ਦੇ ਵਸਨੀਕਾਂ ਨੂੰ ਤੋਹਫੇ ਵਜੋਂ ਬਣਾ ਕੇ ਦਿੱਤਾ ਗਿਆ ਸੀ ਪਰ ਮੌਜੂਦਾ ਸਰਕਾਰ ਨੇ ਇਸ ਨੂੰ ਕੂੜੇ ਦੇ ਡੰਪਿੰਗ ਗਰਾਊਂਡ ਵਿੱਚ ਬਦਲ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪੂਰਾ ਸ਼ਹਿਰ ਗੰਦਗੀ ਨਾਲ ਭਰਿਆ ਹੋਇਆ ਹੈ ਕਿਤੇ ਵੀ ਸਫ਼ਾਈ ਨਹੀਂ ਹੈ। ‘ਆਪ’ ਸਰਕਾਰ ਹਰ ਮੋਰਚੇ ’ਤੇ ਅਸਫ਼ਲ ਰਹੀ ਹੈ ਅਤੇ ਅਧਿਕਾਰੀ ਸਿਰਫ਼ ਦਿਖਾਵਾ ਕਰ ਰਹੇ ਹਨ। ਵਾਰਡ-12 ਦੇ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨੇ ਕਿਹਾ ਕਿ ਰੋਜ਼ਾਨਾ ਮੰਡੀ ਵਿੱਚ ਟਨਾਂ ਦੇ ਹਿਸਾਬ ਨਾਲ ਸਬਜ਼ੀਆਂ ਅਤੇ ਫਲ ਆਯਾਤ ਤੇ ਨਿਰਯਾਤ ਕੀਤੇ ਜਾਂਦੇ ਹਨ ਪਰ ਇਸ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਇੱਕਠਾ ਕਰਨ ਦਾ ਕੋਈ ਸਿਸਟਮ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਕੋਲ ਕੋਈ ਮਸ਼ੀਨਰੀ ਨਹੀਂ ਹੈ ਅਤੇ ਸਾਰਾ ਕੂੜਾ ਇਥੇ ਇੱਕਠਾ ਕੀਤਾ ਜਾ ਰਿਹਾ ਹੈ। ਸਬਜ਼ੀ ਮੰਡੀ ਦੇ ਸਾਬਕਾ ਕੌਂਸਲਰ ਤੇ ਕਮਿਸ਼ਨ ਏਜੰਟ ਸੁਧੀਰ ਕੁਮਾਰ ਸੋਨੂੰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮਿਲੀਆਂ ਸਬਜ਼ੀਆਂ ਸੜ ਗਈਆਂ ਤਾਂ ਉਨ੍ਹਾਂ ਨੂੰ ਮੰਡੀ ਵਿਚ ਸੁੱਟਣ ਤੋਂ ਰੋਕਿਆ ਅਤੇ ਕਿਹਾ ਕਿ ਇਸ ਨੂੰ ਮੰਡੀ ਗੋਬਿੰਦਗੜ੍ਹ ਵਿਚ ਸੁੱਟਣਾ ਪਵੇਗਾ, ਜਿਸ ਲਈ ਅੱਧੀ ਟਰਾਲੀ ਦੀ ਕੀਮਤ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਠੇਕੇਦਾਰ ਦਾ ਹੈ ਜਿਸ ਲਈ ਉਨ੍ਹਾਂ ਨੂੰ ਸਰਕਾਰ ਦੁਆਰਾ ਭੁਗਤਾਨ ਕੀਤਾ ਜਾਂਦਾ ਹੈ।
ਇਲਾਕੇ ਦੇ ਲੋਕ ਸੁੱਟਦੇ ਹਨ ਕੂੜਾ: ਸਕੱਤਰ
ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਇਹ ਕੂੜਾ ਆਲੇ ਦੁਆਲੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਸੁੱਟ ਰਹੇ ਹਨ ਜਦੋਂ ਕਿ ਅਸੀਂ ਹਰ 5 ਤੋਂ 10 ਦਿਨਾਂ ਵਿਚ ਕੂੜਾ ਚੁੱਕਦੇ ਹਾਂ। ਉਨ੍ਹਾਂ ਕਿਹਾ ਕਿ ਜਲਦੀ ਕੂੜੇ ਦੀ ਸਹੀ ਢੰਗ ਨਾਲ ਸਫ਼ਾਈ ਕਰਵਾ ਕੇ ਪਖਾਨਿਆਂ ਦੀ ਸਫ਼ਾਈ ਵੀ ਕਰਵਾ ਦਿੱਤੀ ਜਾਵੇਗੀ।
