ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ
ਰੌਸ਼ਨੀਆਂ ਦੇ ਸ਼ਹਿਰ ਵੱਜੋਂ ਜਾਣੇ ਜਾਂਦੇ ਸ਼ਹਿਰ ‘ਜਗਰਾਵਾਂ’ ਮੌਜੂਦਾ ਸਮੇਂ ਵਿੱਚ ਸਿਆਸੀ ਧਿਰਾਂ ਦੀ ਅਣਦੇਖੀ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਪਿਛਲੇ ਲੰਬੇ ਸਮੇਂ ਤੋਂ ਕੂੜੇ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਆਪਣੀ ਤੇ ਆਪਣੇ ਸ਼ਹਿਰ ਦੀ ਹੋਂਦ ਬਚਾਉਣ ਲਈ ਧਰਨਿਆਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਦੂਦੇ ਪਾਸੇ ਰਾਜਨੀਤਿਕ ਲੋਕ ਸਮੱਸਿਆਂਵਾ ਦੇ ਹੱਲ ਲਈ ਸਿਰ ਜੋੜ ਕੇ ਬੈਠਣ ਦੀ ਥਾਂ ਆਪਣੀ ਰਾਜਨੀਤੀ ਚਮਕਾਉਣ ’ਚ ਲੱਗੇ ਹੋਏ ਹਨ। ਪਹਿਲਾਂ ਝਾਂਸੀ ਰਾਣੀ ਚੌਕ ਕੋਲ ਹੁਣ ਡਿਸਪੋਜ਼ਲ ਰੋਡ ਅਤੇ ਡਾ. ਹਰੀ ਸਿੰਘ ਹਸਪਤਾਲ ਵਾਲੀ ਦਾਣਾ ਅਤੇ ਸਬਜ਼ੀ ਮੰਡੀ ਨੂੰ ਜਾਣ ਵਾਲੀ ਸੜਕ ’ਤੇ ਕੂੜੇ ਦੇ ਵੱਡੇ-ਵੱਡੇ ਪਹਾੜ ਲੱਗ ਗਏ ਹਨ। ਜਗਰਾਉਂ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਨ ਵਾਲੀਆਂ ਧਿਰਾਂ ਵੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਖਾਮੋਸ਼ ਹਨ। ਕੂੜੇ ਦੇ ਢੇਰਾਂ ’ਤੇ ਫਿਰਦੇ ਲਾਵਾਰਿਸ ਪਸ਼ੂ ਵੀ ਲੋਕਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਆਪਣੇ ਵੱਲੋਂ ਕੂੜੇ ਦੀ ਸਮੱਸਿਆ ਦੇ ਹੱਲ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਲਿਆ ਹੈ ਪਰ ਰਾਜਨੀਤੀ ਦੀ ਭੇਟ ਚੜ੍ਹੀ ਨਗਰ ਕੌਂਸਲ ਵੀ ਆਪਣੇ ਫਰਜ਼ ਨਿਭਾਉਣ ’ਚ ਲਗਾਤਾਰ ਨਾਕਾਮ ਰਹੀ ਹੈ। ਲੋਕ ਆਗੂ ਜੋਗਿੰਦਰ ਆਜ਼ਾਦ, ਪ੍ਰੋ. ਕਰਮ ਸਿੰਘ ਸੰਧੂ, ਸਤਪਾਲ ਗਰੇਵਾਲ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਅੰਮ੍ਰਿਤ ਸਿੰਘ ਥਿੰਦ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਅਸੀ ਪੇਚਾਂ ਵਿੱਚ ਫਸੇ ਜਗਰਾਉਂ ਨੂੰ ਕੂੜੇ ਦੇ ਢੇਰਾਂ ਤੋਂ ਮੁਕਤੀ ਦਿਵਾਈ ਜਾਵੇ ਅਤੇ ਰੌਸ਼ਨੀਆਂ ਦੇ ਪੁਰਾਤਨ ਸ਼ਹਿਰ ਦੀ ਦਿਖ ਮੁੜ ਤੋਂ ਸੁਰਜੀਤ ਕੀਤੀ ਜਾਵੇ। ਪ੍ਰਸ਼ਾਸਨਿਕ, ਰਾਜਨੀਤਿਕ ਲੋਕ ਅਤੇ ਨਗਰ ਕੌਂਸਲ ਇੱਕ ਦੂਸਰੇ ਸਿਰ ਇਲਜ਼ਾਮ ਲਗਾਉਣ ਦੀ ਥਾਂ ਆਪਣੇ ਬਣਦੇ ਫਰਜ਼ਾਂ ਤੇ ਪਹਿਰਾ ਦੇਣ।
