ਲੁਧਿਆਣਾ ਵਿੱਚ ਫੋਟੋਗ੍ਰਾਫੀ ਪ੍ਰਦਰਸ਼ਨੀ ‘ਵਿਜ਼ਨ-2025’ ਸ਼ੁਰੂ
ਲੁਧਿਆਣਾ ਵਿੱਚ ਪਹਿਲੀ ਵਾਰ ਓਪਨ ਏਅਰ ਫੋਟੋਗ੍ਰਾਫੀ ਪ੍ਰਦਰਸ਼ਨੀ ‘ਵਿਜ਼ਨ-2025’ ਬੀਤੀ ਦੇਰ ਸ਼ਾਮ 95 ਸਿਟੀਜ਼ਨ ਐਨਕਲੇਵ, ਸਾਹਮਣੇ ਐੱਮ ਬੀ ਡੀ ਮਾਲ ਵਿੱਚ ਬਣੀ ਆਰਟ ਗੈਲਰੀ ਵਿੱਚ ਸ਼ੁਰੂ ਹੋ ਗਈ। ਇਹ ਪ੍ਰਦਰਸ਼ਨੀ 7 ਦਸੰਬਰ ਤੱਕ ਸ਼ਾਮ 4.30 ਤੋਂ ਰਾਤ 8.30 ਵਜੇ ਤੱਕ ਚੱਲੇਗੀ ਜਿਸਦਾ ਉਦਘਾਟਨ ਪਦਮ ਭੂਸ਼ਣ ਅਤੇ ਸੈਂਟਰਲ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਡਾ. ਐੱਸ ਐੱਸ ਜੌਹਲ ਅਤੇ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸਾਂਝੇ ਤੌਰ ’ਤੇ ਕੀਤਾ। ਡਾ. ਜੌਹਲ ਨੇ ਕਿਹਾ ਕਿ ਇੱਕ-ਇੱਕ ਫੋਟੋ ਆਪਣੇ ਵਿੱਚ ਹਜ਼ਾਰਾਂ ਸ਼ਬਦਾਂ ਦੀ ਕਹਾਣੀ ਸਮੇਟੀ ਹੋਈ ਹੈ। ਫੋਟੋ ਕਲਾਕਾਰਾਂ ਨੇ ਕੈਮਰੇ ਦੀ ਅੱਖ ਰਾਹੀਂ ਕੈਦ ਦ੍ਰਿਸ਼ਾਂ ਨੂੰ ਪ੍ਰਦਰਸ਼ਨੀ ਦੇ ਰੂਪ ਵਿੱਚ ਪੇਸ਼ ਕਰ ਕੇ ਵੱਡਾ ਉਪਰਾਲਾ ਕੀਤਾ ਹੈ। ਇਸ ਲਈ ਪ੍ਰਬੰਧਕ ਤੇਜ ਪ੍ਰਤਾਪ ਸਿੰਘ ਸੰਧੂ, ਅਮਰਜੀਤ ਬਾਠ ਅਤੇ ਰਣਜੋਧ ਸਿੰਘ ਵਧਾਈ ਦੇ ਪਾਤਰ ਹਨ। ਡਾ. ਗੋਸਲ ਨੇ ਕਿਹਾ ਕਿ ਸਨਅਤੀ ਸ਼ਹਿਰ ਲੁਧਿਆਣਾ ਦੇਸ਼ ਦਾ ਵਪਾਰਕ ਧੁਰਾ ਹੈ ਅਤੇ ਹੁਣ ਕਲਾ ਦੇ ਖੇਤਰ ਵਿੱਚ ਵੀ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਤਿੰਨੋਂ ਹੀ ਪ੍ਰਬੰਧਕ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਇਸ ਕਲਾ ਨਾਲ ਜੁੜੇ ਹੋਏ ਹਨ। ਇਸ ਪ੍ਰਦਰਸ਼ਨੀ ਵਿੱਚ ਕੁਦਰਤ ਦੇ ਹਰ ਰੰਗ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੁਧਿਆਣਾ ਵਿੱਚ ਇਹ ਪਹਿਲੀ ਫੋਟੋ ਪ੍ਰਦਰਸ਼ਨੀ ਹੈ ਜੋ ਸ਼ਾਮ ਵੇਲੇ ਸ਼ੁਰੂ ਹੋਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ 35 ਫੋਟੋ ਕਲਾਕਾਰਾਂ ਦੀਆਂ 61 ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਅਤੇ ਹਰ ਫੋਟੋ ਵੱਖਰਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਲਾ ਪ੍ਰੇਮੀਆਂ ਨੂੰ ਇਸ ਪ੍ਰਦਰਸ਼ਨੀ ’ਚ ਆਉਣ ਦਾ ਸੱਦਾ ਦਿੱਤਾ।
