ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਣ ਰਿਹਰਸਲ ਦੌਰਾਨ ਲੱਗੇ ਜਾਮ ਕਾਰਨ ਲੋਕ ਹੋਏ ਪ੍ਰੇਸ਼ਾਨ

ਵਿਭਾਗੀ ਤਾਲਮੇਲ ਦੀ ਘਾਟ ਦੇ ਲਾਪ੍ਰਵਾਹੀ ਉਜਾਗਰ;  ਭੀਡ਼ ਕਾਰਨ ਭੂਸਰੇ ਸਾਨ੍ਹ ਨੇ ਡਿਊਟੀ ਲਈ ਆਈ ਇਕ ਮਹਿਲਾ ਨੂੰ ਜ਼ਖਮੀ ਕੀਤਾ
ਕਾਲਜ ਰੋਡ ’ਤੇ ਚੋਣ ਰਿਹਰਸਲ ਦੌਰਾਨ ਲੱਗੇ ਜਾਮ ਵਿੱਚ ਫਸੇ ਵਾਹਨ। 
Advertisement

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਹਲਕਾ ਜਗਰਾਉਂ ਅੰਦਰ ਚੋਣ ਡਿਊਟੀ ਲਈ ਤਾਇਨਾਤ ਮੁਲਾਜ਼ਮਾਂ ਦੀ ਰਿਹਰਸਲ ਸਥਾਨਕ ਲਾਜਪਤ ਰਾਏ ਡੀ ਏ ਵੀ ਕਾਲਜ ਵਿੱਚ ਰੱਖੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਬਿਨਾਂ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਕੀਤਿਆਂ ਇਹ ਰਿਹਰਸਲ ਹੋਈ। ਇਸ ਮੌਕੇ ਰਿਟਰਨਿੰਗ ਅਫ਼ਸਰ ਤੇ ਹੋਰਨਾਂ ਵਿਭਾਗਾਂ ਦੀ ਆਪਸੀ ਤਾਲਮੇਲ ਦੀ ਘਾਟ ਤੇ ਲਾਪ੍ਰਵਾਹੀ ਉਜਾਗਰ ਹੋਈ। ਰਿਹਰਸਲ ਲਈ ਆਏ ਮੁਲਾਜ਼ਮਾਂ ਨੇ ਆਪਣੇ ਵਾਹਨ ਕਾਲਜ ਦੇ ਬਾਹਰ ਕਾਲਜ ਰੋਡ ਤੋਂ ਲੈ ਕੇ ਸ਼ੇਰਪੁਰਾ ਰੋਡ ’ਤੇ ਖੜ੍ਹੇ ਕਰ ਦਿੱਤੇ। ਇਨ੍ਹਾਂ ਵਿੱਚ ਸੈਂਕੜੇ ਦੋ ਪਹੀਆ ਵਾਹਨਾਂ ਤੋਂ ਇਲਾਵਾ ਵੱਡੀ ਗਿਣਤੀ ਵੱਡੇ ਵਾਹਨ ਸਨ, ਜਿਸ ਨੂੰ ਜਿੱਥੇ ਤੇ ਜਿਵੇਂ ਥਾਂ ਮਿਲੀ ਉਸ ਨੇ ਆਪਣਾ ਵਾਹਨ ਖੜ੍ਹਾ ਕਰ ਦਿੱਤਾ। ਬਿਨਾਂ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਕਰਕੇ ਇਹ ਵਾਹਨ ਬੇਤਰਤੀਬੇ ਖੜ੍ਹੇ ਕਰ ਦਿੱਤੇ ਗਏ। ਕੁਝ ਹੀ ਦੇਰ ਵਿੱਚ ਦੇਖਦਿਆਂ ਦੇਖਦਿਆਂ ਕਾਲਜ ਰੋਡ ’ਤੇ ਜਾਮ ਲੱਗ ਗਿਆ। ਜਾਮ ਵੀ ਅਜਿਹਾ ਲੱਗਾ ਇਕ ਘੰਟੇ ਤੋਂ ਵੱਧ ਸਮੇਂ ਤੱਕ ਕੋਈ ਵਾਹਨ ਇਕ ਫੁੱਟ ਵੀ ਅੱਗੇ ਨਹੀਂ ਵਧ ਸਕਿਆ। ਜਦੋਂ ਡੇਢ ਘੰਟੇ ਤਕ ਆਮ ਲੋਕ ਜਾਮ ਵਿੱਚ ਫਸੇ ਰਹੇ ਤਾਂ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਟ੍ਰੈਫਿਕ ਪੁਲੀਸ ਨਜ਼ਰ ਨਹੀਂ ਆਈ। ਹੋਰ ਤਾਂ ਹੋਰ ਰਿਹਰਸਲ ਦੇ ਬਾਵਜੂਦ ਟ੍ਰੈਫਿਕ ਪੁਲੀਸ ਤਾਇਨਾਤ ਹੀ ਨਹੀਂ ਸੀ ਕੀਤੀ ਗਈ। ਸ਼ਹਿਰ ਦੇ ਮੁੱਖ ਦਾਖ਼ਲੇ ਵਾਲੇ ਤਹਿਸੀਲ ਰੋਡ ਤੋਂ ਵੱਡੇ ਵਾਹਨਾਂ ਟਰੱਕਾਂ ਆਦਿ ਦਾ ਦਾਖ਼ਲਾ ਬੰਦ ਹੈ। ਇਸੇ ਕਰਕੇ ਪੁਰਾਣੀ ਦਾਣਾ ਮੰਡੀ ਸਣੇ ਹੋਰਨਾਂ ਬਾਜ਼ਾਰਾਂ ਵਿੱਚ ਮਾਲ ਲਿਆਉਣ ਵਾਲੇ ਟਰੱਕ ਵੀ ਇਸੇ ਰੋਡ ਤੋਂ ਆਉਂਦੇ ਹੋਣ ਕਰਕੇ ਜਾਮ ਵਿੱਚ ਫਸ ਗਏ। ਹਾਲੇ ਆਵਾਜਾਈ ਬਹਾਲ ਨਹੀਂ ਸੀ ਹੋਈ ਕਿ ਰਿਹਰਸਲ ਵਾਲਾ ਸਟਾਫ਼ ਵੀ ਬਾਹਰ ਆ ਗਿਆ। ਓਧਰ ਨਾਲ ਹੀ ਥੋੜ੍ਹੀ ਦੂਰੀ ’ਤੇ ਸਥਿਤ ਡੀ ਏ ਵੀ ਸਕੂਲ ਦੇ ਛੋਟੇ ਬੱਚਿਆਂ ਨੂੰ ਛੁੱਟੀ ਹੋ ਗਈ। ਜਾਮ ਦੀ ਹਾਲਤ ਹੋਰ ਬਦਤਰ ਹੋ ਗਈ। ਇੰਨੇ ਭੀੜ ਭੜੱਕੇ ਤੇ ਰੌਲੇ ਵਿੱਚ ਇਕ ਸਾਨ੍ਹ ਦੌੜ ਲਿਆ। ਉਸ ਨੇ ਦੋ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਡਿਊਟੀ ਲਈ ਆਈ ਇਕ ਮਹਿਲਾ ਨੂੰ ਪਿੱਛੋ ਜ਼ੋਰ ਦੀ ਟੱਕਰ ਮਾਰ ਕੇ ਜਖ਼ਮੀ ਕਰ ਦਿੱਤਾ। ਕਾਲਜ ਰੋਡ ਦੇ ਦੁਕਾਨਦਾਰਾਂ ਅਜੇ ਗਰਗ, ਜਸਵੰਤ ਸਿੰਘ, ਇੰਦਰਪਾਲ ਸਿੰਘ, ਸਤੀਸ਼ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਇਹ ਰਿਹਰਸਲ ਵਾਲਾ ਕੰਮ ਸਰਕਾਰੀ ਸਾਇੰਸ ਕਾਲਜ ਵਿੱਚ ਕੀਤਾ ਜਾਵੇ ਜਿਸ ਕੋਲ ਕਈ ਏਕੜ ਖਾਲੀ ਜ਼ਮੀਨ ਹੈ। ਜੇ ਕਰ ਡੀਏਵੀ ਕਾਲਜ ਵਿੱਚ ਵੀ ਕਰਨਾ ਹੋਵੇ ਤਾਂ ਢੁੱਕਵੇਂ ਪ੍ਰਬੰਧ ਕਰਕੇ ਹੀ ਕੀਤਾ ਜਾਵੇ।

Advertisement

Advertisement
Show comments