ਰਾਵਣ ਦੀਆਂ ਅਸਥੀਆਂ ਲਿਜਾ ਕੇ ਘਰਾਂ ’ਚ ਰੱਖਦੇ ਨੇ ਲੋਕ
ਨੇਕੀ ਦੀ ਬਦੀ ’ਤੇ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਅੱਜ ਸ਼ਾਮ ਹਰੇਕ ਥਾਂ ਰਾਵਣ ਦੇ ਪੁਤਲੇ ਫੂਕੇ ਗਏ। ਇੱਕ ਪਾਸੇ ਤਾਂ ਰਾਵਣ ਨੂੰ ਬੁਰਾ ਰਾਕਸ਼ਸ ਦਿਖਾ ਕੇ ਉਸ ਦਾ ਪੁਤਲਾ ਫੂਕ ਜਿੱਤ ਦੇ ਜਸ਼ਨ ਮਨਾਏ ਜਾਂਦੇ ਹਨ ਤੇ ਦੂਸਰੇ ਪਾਸੇ ਰਾਵਣ ਦਾ ਪੁਤਲਾ ਫੁਕਣ ਤੋਂ ਬਾਅਦ ਬਚੀਆਂ ਲੱਕੜਾਂ, ਜਿਨ੍ਹਾਂ ਨੂੰ ਉਸ ਦੀਆਂ ਅਸਥੀਆਂ ਮੰਨਿਆ ਜਾਂਦਾ ਹੈ ਨੂੰ ਕਾਫ਼ੀ ਲੋਕ ਘਰ ਲੈ ਜਾਂਦੇ ਹਨ, ਜਿਸ ਨੂੰ ਘਰ ਦੀ ਰਾਖੀ ਤੇ ਸੁੱਖ ਸ਼ਾਂਤੀ ਲਈ ਜ਼ਰੂਰੀ ਮੰਨਿਆ ਜਾਂਦਾ ਹੈ।
ਮਾਛੀਵਾੜਾ ਦੇ ਦਸਹਿਰਾ ਮੈਦਾਨ ਵਿਚ ਜਦੋਂ ਰਾਵਣ ਦਾ ਪੁਤਲਾ ਫੂਕਿਆ ਗਿਆ ਤਾਂ ਭਾਰੀ ਗਿਣਤੀ ’ਚ ਲੋਕ ਪੁਤਲੇ ਦੀਆਂ ਅੱਧ ਸੜੀਆਂ ਲੱਕੜਾਂ ਚੁੱਕ ਕੇ ਘਰ ਲਿਜਾਂਦੇ ਦਿਖਾਈ ਦਿੱਤੇ। ਇਸ ਬਾਰੇ ਕਈ ਲੋਕਾਂ ਨੂੰ ਸਵਾਲ ਕੀਤਾ ਗਿਆ ਤਾਂ ਜ਼ਿਆਦਾਤਰ ਨੂੰ ਇਸ ਬਾਰੇ ਕੁਝ ਖਾਸ ਪਤਾ ਨਹੀਂ ਸੀ, ਉਸ ਬੱਸ ਆਪਣੇ ਵੱਡਿਆਂ ਨੂੰ ਦੇਖ ਕੇ ਅਜਿਹਾ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰੰਪਰਾਂ ਹੈ ਕਿ ਰਾਵਣ ਦੀ ਅੱਧ ਸੜੀ ਲੱਕੜੀ ਘਰ ਲਿਜਾਣਾ ਸ਼ੁਭ ਹੁੰਦਾ ਹੈ। ਕਈਆਂ ਨੇ ਦੱਸਿਆ ਕਿ ਰਾਵਣ ਨੂੰ ਚਾਰ ਵੇਦਾਂ ਦਾ ਗਿਆਨ ਸੀ ਤੇ ਉਸ ਦੀ ਅੱਧ ਸੜੀ ਲੱਕੜੀ ਘਰ ਲਿਜਾਣ ਨਾਲ ਘਰ ’ਚੋਂ ਬੁਰਾਈ ਦਾ ਨਾਸ਼ ਹੁੰਦਾ ਹੈ, ਭੂਤ-ਪ੍ਰੇਤ ਦਾ ਸਾਇਆ ਨਹੀਂ ਆਉਂਦਾ ਤੇ ਸੁੱਖ ਸ਼ਾਂਤੀ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਕਈਆਂ ਨੇ ਕਿਹਾ ਕਿ ਰਾਵਣ ਦੇ ਪੁਤਲੇ ਦੀਆਂ ਲੱਕੜਾਂ ਬਦੀ ’ਤੇ ਜਿੱਤ ਦਾ ਪ੍ਰਤੀਕ ਹਨ ਜਿਸ ਨਾਲ ਇਸ ਨੂੰ ਘਰ ਲਿਜਾਣ ਨਾਲ ਕਲੇਸ਼, ਬੀਮਾਰੀ ਦੂਰ ਰਹਿੰਦੀ ਹੈ ਅਤੇ ਹਰੇਕ ਥਾਂ ’ਤੇ ਇਨਸਾਨ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਰਾਵਣ ਦੀ ਅੱਧ ਜਲੀ ਲੱਕੜੀ ਘਰ ਲਿਜਾਣਾ ਅੰਧਵਿਸ਼ਵਾਸ ਹੈ ਜਾਂ ਪ੍ਰੰਪਰਾਂ ਇਸ ਦਾ ਕਿਸੇ ਕੋਲ ਕੋਈ ਸਪੱਸ਼ਟ ਜਵਾਬ ਨਹੀਂ।