ਮੁੱਲਾਂਪੁਰ ’ਚ ਕੌਮੀ ਰਾਹ ’ਤੇ ਕੂੜਾ ਸੁੱਟਣ ਲੱਗੇ ਲੋਕ
ਇਥੇ ਕੌਮੀ ਸ਼ਾਹਰਾਹ 95 ’ਤੇ ਸ਼ਹਿਰ ਅੰਦਰੋਂ ਲੰਘਦੇ ਮੁੱਖ ਪੁਲ ਦੇ ਇਕ ਪਾਸੇ ਲੋਕਾਂ ਨੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਫੌਰੀ ਨਾ ਰੋਕਿਆ ਗਿਆ ਤਾਂ ਹੋ ਸਕਦਾ ਜਲਦ ਇਹ ਥਾਂ ਪੱਕੀ ਕੂੜਾ ਸੁੱਟਣ ਵਾਲੀ ਬਣ ਜਾਵੇ। ਇਥੋਂ ਲੰਘ ਕੇ ਹੀ ਲੋਕ ਪੁਲ ਚੜ੍ਹਦੇ ਹਨ ਅਤੇ ਕੂੜੇ ਦੇ ਢੇਰ ਵੱਡੇ ਹੋਣ ’ਤੇ ਇਹ ਸਮੱਸਿਆ ਵੀ ਵੱਡੀ ਬਣ ਜਾਵੇਗੀ। ਵੈਸੇ ਇਸ ਥਾਂ ਦੇ ਨੇੜੇ ਦੋ ਧਾਰਮਿਕ ਸਥਾਨ ਵੀ ਹਨ। ਨਗਰ ਕੌਂਸਲ ਮੁੱਲਾਂਪੁਰ ਅਧੀਨ ਪੈਂਦੇ ਕੁੱਲ 13 ਵਾਰਡਾਂ ਅੰਦਰ ਰੋਜ਼ਾਨਾ 45-50 ਕੁਇੰਟਲ ਕੁੜਾ ਇਕੱਠਾ ਹੋ ਰਿਹਾ ਹੈ। ਇਸ ਨੂੰ ਚੁੱਕਣ ਲਈ ਪ੍ਰਾਈਵੇਟ ਤੌਰ ’ਤੇ ਸਫ਼ਾਈ ਕਰਮਚਾਰੀ ਲੱਗੇ ਹੋਏ ਹਨ, ਪਰ ਉਸ ਦੇ ਬਾਵਜੂਦ ਵੀ ਕੁਝ ਲੋਕ ਸੜਕਾਂ ਕੰਢੇ ਕੂੜਾ ਸੁੱਟਦੇ ਹਨ। ਹਾਈਵੇਅ ਵਾਲੇ ਜਿਸ ਪੁਲ ਨੇੜੇ ਲੋਕ ਹਨੇਰੇ ਵਿੱਚ ਕੂੜਾ ਸੁੱਟਦੇ ਉਥੇ ਨੇੜੇ ਈਸ਼ਵਰ ਮਹਾਂਦੇਵ ਮੰਦਰ ਅਤੇ ਵਿਸ਼ਕਰਮਾ ਗੁਰਦੁਆਰਾ ਸਾਹਿਬ ਪੈਂਦੇ ਹਨ। ਲੋਕ ਸਵੇਰੇ ਸ਼ਾਮ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਜਾਂਦੇ ਹਨ। ਪਰੰਤੂ ਇਨ੍ਹਾਂ ਲੋਕਾਂ ਨੂੰ ਰੋਜ਼ਾਨਾ ਪਹਿਲਾਂ ਗੰਦਗੀ ਦਿਖਦੀ ਹੈ। ਗੰਦਗੀ ਹੋਣ ਕਰਕੇ ਅਕਸਰ ਇਸ ਥਾਂ ’ਤੇ ਅਵਾਰਾ ਪਸ਼ੂਆਂ ਤੋਂ ਇਲਾਵਾ ਕੁੱਤੇ ਵੀ ਆ ਕੇ ਮੂੰਹ ਮਾਰਦੇ ਰਹਿੰਦੇ ਹਨ। ਜਿਸ ਤੇਜ਼ੀ ਨਾਲ ਸਮੱਸਿਆ ਵਧ ਰਹੀ ਹੈ ਉਸ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਤੋਂ ਇਲਾਵਾ ਇਹ ਕੂੜਾ ਸੜਕ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਕੁਝ ਲੋਕਾਂ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਘਰਾਂ ਵਿੱਚੋਂ ਕੂੜਾ ਚੁੱਕਣ ਆਉਂਦੇ ਹਨ। ਕਈ ਘਰਾਂ ਵਾਲੇ ਆਪਣੇ ਕੋਲੋਂ ਕੂੜਾ ਚੁੱਕਣ ਦੇ ਰੁਪਏ ਵੀ ਦਿੰਦੇ ਹਨ। ਇਸ ਦੇ ਬਾਵਜੂਦ ਜਦੋਂ ਦੋ ਤਿੰਨ ਦਿਨ ਕੂੜਾ ਨਹੀਂ ਚੁੱਕਿਆ ਜਾਂਦਾ ਤਾਂ ਲੋਕ ਸੜਕ ’ਤੇ ਜਾਂ ਖਾਲੀ ਥਾਂਵਾਂ ’ਤੇ ਕੂੜਾ ਸੁੱਟਣ ਨੂੰ ਤਰਜੀਹ ਦਿੰਦੇ ਹਨ। ਅਮਰ ਸਿੰਘ, ਸੌਰਭ ਕੁਮਾਰ ਤੇ ਵਿਨੇ ਨੇ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਡਰੰਮ ਜਾਂ ਕੰਟੇਨਰ ਰੱਖੇ ਜਿਸ ਵਿੱਚ ਲੋਕ ਕੂੜਾ ਸੁੱਟ ਸਕਣ। ਕਾਰਜਸਾਧਕ ਅਫ਼ਸਰ ਹੈਪੀ ਕੁਮਾਰ ਨੇ ਕਿਹਾ ਕਿ ਦੀਵਾਲੀ ਦੀਆਂ ਛੁੱਟੀਆਂ ਹੋਣ ਕਰਕੇ ਹੋ ਸਕਦਾ ਕਿਤੇ ਕੂੜਾ ਪਿਆ ਹੋਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੜਕਾਂ ਤੇ ਖਾਲੀ ਥਾਂਵਾਂ ’ਤੇ ਕੂੜਾ ਸੁੱਟਣ ਦੀ ਥਾਂ ਸਫ਼ਾਈ ਕਰਮਚਾਰੀਆਂ ਨੂੰ ਚੁਕਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਲਕੇ ਸਾਰੇ ਸ਼ਹਿਰ ਵਿੱਚੋਂ ਕੂੜਾ ਚੁਕਵਾ ਕੇ ਸਫ਼ਾਈ ਕਰਵਾਈ ਜਾਵੇਗੀ।