ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਘਰ ਨੂੰ ਜੋੜਨ ਵਾਲੀ ਸੜਕ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਕਈ ਥਾਈਂ ਟੋਏ ਪਏ; ਲੋਕ ਨਿਰਮਾਣ ਵਿਭਾਗ ਨੇ ਨਾ ਕਰਵਾਈ ਮੁਰੰਮਤ
Advertisement

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਤੇ ਡੂੰਘੇ ਖੱਡੇ ਹੋਣ ਕਾਰਨ ਸ਼ਰਧਾਲੂ ਪ੍ਰੇਸ਼ਾਨ ਹਨ। ਇੱਥੇ ਦੂਰ ਦੁਰਾਡੇ ਤੋਂ ਹਜ਼ਾਰਾਂ ਸ਼ਰਧਾਲੂ ਅਤੇ ਇਲਾਕੇ ਦੀਆਂ ਸੰਗਤਾਂ ਰੋਜ਼ਾਨਾ ਨਤਮਸਤਕ ਹੋਣ ਲਈ ਆਉਂਦੀਆਂ ਹਨ। ਆਮ ਆਦਮੀ ਪਾਰਟੀ ਸਰਕਾਰ ਵਲੋਂ ਇਲਾਕੇ ਦੀਆਂ ਕਾਫ਼ੀ ਸੜਕਾਂ ਦਾ ਨਵ ਨਿਰਮਾਣ ਕਰਵਾਉਣ ਦੇ ਦਾਅਵੇ ਕੀਤੇ ਗਏ ਪਰ ਚਰਨ ਕੰਵਲ ਚੌਕ ਤੋਂ ਇਤਿਹਾਸਕ ਗੁਰਦੁਆਰੇ ਨੂੰ ਜਾਣ ਵਾਲੀ ਕਰੀਬ ਡੇਢ ਕਿਲੋਮੀਟਰ ਲੰਬੀ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਗੁਰੂ ਘਰ ਨੂੰ ਜੋੜਦੀ ਸੜਕ ਦੀ ਹਾਲਤ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ ਅਤੇ ਡੂੰਘੇ ਖੱਡੇ ਇੱਥੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਬੇਸ਼ੱਕ ਨਗਰ ਕੌਂਸਲ ਵਲੋਂ ਕੁਝ ਮਹੀਨੇ ਪਹਿਲਾਂ ਇਨ੍ਹਾਂ ਡੂੰਘੇ ਖੱਡਿਆਂ ਨੂੰ ਭਰਨ ਦਾ ਯਤਨ ਕੀਤਾ ਪਰ ਹੁਣ ਬਰਸਾਤਾਂ ਕਾਰਨ ਮੁੜ ਟੋਏ ਪੈ ਗਏ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦਰਸ਼ਨਾਂ ਲਈ ਤੜਕੇ 4 ਵਜੇ ਸ਼ਰਧਾਲੂ ਪੈਦਲ ਜਾਂ ਆਪਣੇ ਵਾਹਨਾਂ ਰਾਹੀਂ ਨਤਮਸਤਕ ਹੋਣ ਲਈ ਜਾਂਦੇ ਹਨ ਅਤੇ ਦੇਰ ਰਾਤ ਤੱਕ ਸੰਗਤਾਂ ਦਾ ਆਉਣਾ ਜਾਰੀ ਰਹਿੰਦਾ ਹੈ ਪਰ ਸੜਕ ’ਤੇ ਬਿਖਰੀ ਬਜਰੀ, ਡੂੰਘੇ ਖੱਡਿਆਂ ਉਪਰੋਂ ਗੁਜ਼ਰ ਕੇ ਉਹ ਜਦੋਂ ਗੁਰੂ ਘਰ ਜਾਂਦੇ ਹਨ ਤਾਂ ਉਹ ਸਰਕਾਰ ਨੂੰ ਕੋਸਦੇ ਹਨ ਕਿ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਸੜਕ ਦਾ ਨਿਰਮਾਣ ਤੁਰੰਤ ਕਰਵਾਉਣਾ ਚਾਹੀਦਾ ਸੀ। ਇਲਾਕੇ ਦੀਆਂ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸੰਗਤਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਘਰ ਨੂੰ ਜੋੜਦੀ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਦੂਰ ਦੁਰਾਡੇ ਤੋਂ ਆਉਂਦੀਆਂ ਸੰਗਤਾਂ ਨੂੰ ਇਤਿਹਾਸਕ ਸ਼ਹਿਰ ਦੀ ਦਿੱਖ ਸੁੰਦਰ ਲੱਗੇ।

ਜੋੜ ਮੇਲ ਤੋਂ ਪਹਿਲਾਂ ਸੜਕ ਦਾ ਨਿਰਮਾਣ ਕਰਵਾਉਣ ਦੀ ਮੰਗ

Advertisement

ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ ਨੇ ਕਿਹਾ ਕਿ ਦਸੰਬਰ ਮਹੀਨੇ ਵਿਚ ਹਰੇਕ ਸਾਲ ਗੁਰੂ ਗੋਬਿੰਦ ਸਿੰਘ ਦੀ ਆਮਦ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸਾਲਾਨਾ ਜੋੜ ਮੇਲ ਲੱਗਦਾ ਹੈ ਜਿੱਥੇ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ਰਧਾਲੂ ਇਸ ਖਸਤਾ ਹਾਲਤ ਸੜਕ ਤੋਂ ਗੁਜ਼ਰ ਕੇ ਗੁਰੂ ਘਰ ਜਾਣਗੇ ਤਾਂ ਉਨ੍ਹਾਂ ਦੇ ਮਨਾਂ ਨੂੰ ਠੇਸ ਲੱਗੇਗੀ। ਜਸਪਾਲ ਸਿੰਘ ਜੱਜ ਨੇ ਕਿਹਾ ਕਿ ਦਸੰਬਰ ਮਹੀਨੇ ਤੋਂ ਪਹਿਲਾਂ ਸਰਕਾਰ ਇਸ ਸੜਕ ਦੀ ਮੁਰੰਮਤ ਜ਼ਰੂਰ ਕਰਵਾਏ ਨਹੀਂ ਤਾਂ ਇਲਾਕੇ ਦੀਆਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਤਾਂ ਨੂੰ ਆਪ ਇਸ ਦੀ ਮੁਰੰਮਤ ਦਾ ਉਪਰਾਲਾ ਕਰਨਾ ਪਵੇਗਾ।

ਸੜਕ ਦਾ ਨਿਰਮਾਣ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ: ਦਿਆਲਪੁਰਾ

ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਮਾਛੀਵਾੜਾ ਇਲਾਕੇ ਦੀਆਂ ਬੇਹੱਦ ਖਸਤਾ ਹਾਲਤ ਸੜਕਾਂ ਜਿਸ ਵਿਚ ਸਮਰਾਲਾ ਤੋਂ ਰਾਹੋਂ ਰੋਡ, ਗਨੀ ਖਾਂ ਨਬੀ ਖਾਂ ਗੇਟ ਤੋਂ ਪਵਾਤ ਪੁਲ ਅਤੇ ਸਮਰਾਲਾ ਤੋਂ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਮਾਰਗ ਦਾ ਨਿਰਮਾਣ ਕਰਵਾਇਆ। ਉਨ੍ਹਾਂ ਕਿਹਾ ਕਿ ਚਰਨ ਕੰਵਲ ਚੌਂਕ ਤੋਂ ਗੁਰੂ ਘਰ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਜਿਸ ਸਬੰਧੀ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੜਕ ’ਤੇ ਇੰਟਰਲਾਕ ਟਾਈਲ ਲਗਾਉਣ ਦਾ ਤਖਮੀਨਾ ਤਿਆਰ ਕੀਤਾ ਜਾਵੇ ਤਾਂ ਜੋ ਟੈਂਡਰ ਲਗਾ ਕੇ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇ।

Advertisement