ਪੈਨਸ਼ਨਰਜ਼ ਵੱਲੋਂ ਪਾਵਰਕੌਮ ਖ਼ਿਲਾਫ਼ ਲੰਬੇ ਸੰਘਰਸ਼ ਦਾ ਐਲਾਨ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਅੱਡਾ ਦਾਖਾ ਦੀ ਮੀਟਿੰਗ ਵਿੱਚ ਪੰਜਾਬ ਵਿੱਚ ਹੜ੍ਹਾਂ ਨਾਲ ਮਚੀ ਭਿਆਨਕ ਤਬਾਹੀ ਲਈ ਸਰਕਾਰਾਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਦਿਆਂ ਪੀੜਤ ਲੋਕਾਂ ਦੀ ਹਰ ਪੱਧਰ ’ਤੇ ਯੋਗ ਸਹਾਇਤਾ ਕਰਨ, ਬਰਬਾਦ ਫ਼ਸਲਾਂ ਦਾ ਮੁਆਵਜ਼ਾ ਦੇਣ, ਢੱਠੇ ਘਰਾਂ ਦੀ ਮੁੜ ਉਸਾਰੀ ਕਰਾਉਣ, ਪਸ਼ੂਆਂ ਤੇ ਮਾਲ ਡੰਗਰ ਦੇ ਨੁਕਸਾਨ ਦੀ ਭਰਪਾਈ ਕਰਨ, ਗਰੀਬ ਦਲਿਤ ਮਜ਼ਦੂਰਾਂ ਦੀ ਹਰ ਸੰਭਵ ਮਦਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਇਕ ਦਿਨ ਦੀ ਐਸੋਸੀਏਸ਼ਨ ਵਲੋਂ ਪੈਨਸ਼ਨ ਹੜ੍ਹ ਪੀੜਤਾਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਗਿਆ। ਸਰਕਲ ਸੱਕਤਰ ਜਗਤਾਰ ਸਿੰਘ ਸ਼ੇਖੂਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੀਨੀਅਰ ਆਗੂ ਕੰਵਲਜੀਤ ਖੰਨਾ ਨੇ ਵੀ ਹਿੱਸਾ ਲਿਆ। ਇਸ ਸਮੇਂ ਕਮੇਟੀ ਆਗੂ ਦਰਸ਼ਨ ਸਿੰਘ ਸਹੋਲੀ ਨੇ ਦੱਸਿਆ ਕਿ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ 13 ਸਤੰਬਰ ਨੂੰ ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੂੰ ਜ਼ਿਲ੍ਹਾ ਪੱਧਰ 'ਤੇ ਮੰਗ ਪੱਤਰ ਦਿੱਤਾ ਜਾਵੇਗਾ। ਉਪਰੰਤ 11 ਅਕਤੂਬਰ ਨੂੰ ਸਾਂਝਾ ਫਰੰਟ ਦੇ ਸੱਦੇ ’ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਹਲਕੇ ਵਿੱਚ ਸਾਂਝੀ ਪੈਨਸ਼ਨਰਜ ਰੈਲੀ ਕੀਤੀ ਜਾਵੇਗੀ। ਇਸ ਮਗਰੋਂ 15 ਅਕਤੂਬਰ ਨੂੰ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਾਵਰਕੌਮ ਮੈਨੇਜਮੈਂਟ ਦੇ ਟਾਲੂ ਤੇ ਲਟਕਾਊ ਵਤੀਰੇ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੁਰੇਸ਼ ਕੁਮਾਰ, ਜਸਬੀਰ ਸਿੰਘ ਢੱਟ, ਰਾਧੇ ਸ਼ਿਆਮ, ਮਨਜੀਤ ਸਿੰਘ ਹਿੱਸੋਵਾਲ, ਬਲਬੀਰ ਸਿੰਘ ਟੂਸੇ, ਸ਼ੇਰ ਸਿੰਘ ਰਾਜੇਆਣਾ ਹਾਜ਼ਰ ਸਨ।