ਸਨਅਤੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਰਾਹਗੀਰ ਪ੍ਰੇਸ਼ਾਨ
ਪੰਜਾਬ ਦੇ ਪ੍ਰਮੁੱਖ ਵਪਾਰਕ ਅਤੇ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਟੁੱਟੀਆਂ ਸੜਕਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਣ ਕਾਰਨ ਸਮਾਰਟ ਸਿਟੀ ਹੁਣ ‘ਟੋਆ ਸਿਟੀ’ ਬਣ ਗਿਆ ਹੈ, ਜਿਸ ਕਾਰਨ ਲੋਕ ਦੁਖੀ ਤੇ ਪ੍ਰੇਸ਼ਾਨ ਹਨ। ਵੱਖ-ਵੱਖ ਇਲਾਕਿਆਂ ਵਿੱਚ ਬਾਰਸ਼ ਕਾਰਨ ਸੜਕਾਂ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ, ਜੋ ਹਾਲੇ ਤੱਕ ਪਹਿਲਾਂ ਵਾਂਗ ਹੀ ਬਰਕਰਾਰ ਹਨ। ਨਗਰ ਨਿਗਮ ਵੱਲੋਂ ਪਿਛਲੇ ਸਮੇਂ ਦੌਰਾਨ ਜ਼ਰੂਰ ਕਈ ਥਾਵਾਂ ’ਤੇ ਪਏ ਟੋਇਆਂ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਉਹ ਵੀ ਹਾਲ ਦੀ ਘੜੀ ਬੰਦ ਹੈ। ਸ਼ਹਿਰ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਸਾਰੀਆਂ ਸੜਕਾਂ ਮੁਕੰਮਲ ਰੂਪ ਵਿੱਚ ਠੀਕ ਮਿਲ ਸਕਣ। ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਦੁੱਗਰੀ, ਸਿਵਲ ਲਾਈਨ, ਹੈਬੋਵਾਲ, ਫੀਲਡ ਗੰਜ, ਬਰਾਊਨ ਰੋਡ, ਜੀਟੀ ਰੋਡ, ਮਾਧੋਪੁਰੀ, ਚੰਦਰ ਨਗਰ, ਜਨਤਾ ਨਗਰ, ਸ਼ਿਮਲਾਪੁਰੀ, ਗਿੱਲ ਰੋਡ ਅਤੇ ਵਿਸ਼ਕਰਮਾ ਚੌਕ ਆਦਿ ਇਲਾਕਿਆਂ ਵਿੱਚ ਤਾਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਹਲਕੇ ਪੱਛਮੀ ਵਿੱਚ ਜ਼ਰੂਰ ਪਿਛਲੇ ਸਮੇਂ ਦੌਰਾਨ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਕੇ ਮੁੱਖ ਸੜਕਾਂ ਦੀ ਹਾਲਤ ਸੁਧਾਰੀ ਗਈ ਹੈ ਪਰ ਹਲਕੇ ਦੀਆਂ ਬਾਕੀ ਸੜਕਾਂ ਦੀ ਮੰਦੀ ਹਾਲਤ ਸੁਧਾਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਹਲਕੇ ਵਿੱਚ ਪੈਂਦੇ ਕਈ ਇਲਾਕਿਆਂ ਵਿੱਚ ਸੜਕਾਂ ਦੇ ਟੋਇਆਂ ਕਾਰਨ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਵੀ ਬਣ ਚੁੱਕੇ ਹਨ ਅਤੇ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਇਸ ਸਬੰਧੀ ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸਰਵੇਖਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਕਈ ਇਲਾਕਿਆਂ ਵਿੱਚ ਸੜਕਾਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਮੁਤਾਬਕ ਸੜਕਾਂ ਦੀ ਮੁਰੰਮਤ ਦਾ ਕੰਮ ਅਗਲੇ ਦਿਨਾਂ ਦੌਰਾਨ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
