ਆਸ਼ੂ ਦੇ ਹਲਕੇ ਵਿੱਚ ਸਰਗਰਮ ਹੋਏ ਪਵਨ ਦੀਵਾਨ
ਲੁਧਿਆਣਾ ਤੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਟਿਕਟ ਲੈਣ ਵਾਲੇ ਦਾਅਵੇਦਾਰਾਂ ਦੀ ਸੁਚੀ ਵਧਣ ਦੀ ਸੰਭਾਵਨਾ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਨਜ਼ਦੀਕੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਲਕਾ ਪੱਛਮੀ ਦੀ ਸਿਆਸਤ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਆਸ਼ੂ ਦਰਮਿਆਨ ਦੂਰੀਆਂ ਦੀਆਂ ਚਰਚਾਵਾਂ ਦੌਰਾਨ ਪਵਨ ਦੀਵਾਨ ਲਗਾਤਾਰ ਪਾਰਟੀ ਪ੍ਰਧਾਨ ਦੇ ਨੇੜੇ ਆ ਰਹੇ ਹਨ। ਉਨ੍ਹਾਂ ਨੇ ਹਲਕਾ ਪੱਛਮੀ ਵਿੱਚ ਆਪਣੀ ਗਤੀਵਧੀਆਂ ਤੇਜ਼ ਕਰ ਦਿੱਤੀਆਂ ਹਨ। ਉਹ ਇਸੇ ਹਲਕੇ ਵਿੱਚ ਰਹਿੰਦੇ ਹਨ ਤੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਟਕਸਾਲੀ ਕਾਂਗਰਸੀਆਂ ਤੇ ਆਪਣੇ ਜਾਣਕਾਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਗੱਲਬਾਤ ਦੌਰਾਨ ਪਵਨ ਦੀਵਾਨ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਤੋਂ ਹਲਕਾ ਪੱਛਮੀ ਤੋਂ ਟਿਕਟ ਦੀ ਮੰਗ ਜ਼ਰੂਰ ਕਰਨਗੇ। ਹਾਲਾਂਕਿ, ਪਾਰਟੀ ਜਿਸਨੂੰ ਟਿਕਟ ਦੇਵੇਗੀ, ਉਹ ਉਸਦਾ ਸਾਥ ਜ਼ਰੂਰ ਦੇਣਗੇ। ਹਲਕਾ ਪੱਛਮੀ ਤੋਂ ਪਵਨ ਦੀਵਾਨ ਨੂੰ ਟਿਕਟ ਦਿਵਾਉਣ ਦੇ ਮੁੱਦੇ ’ਤੇ ਹੀ ਇੱਕ ਵਾਰ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਤੇ ਆਸ਼ੂ ਦਰਮਿਆਨ ਕਾਫ਼ੀ ਪੇਚ ਫਸ ਗਿਆ ਸੀ। ਉਸ ਵੇਲੇ ਵੀ ਦੀਵਾਨ ਹਲਕਾ ਪੱਛਮੀ ਤੋਂ ਵੱਡੇ ਦਾਅਵੇਦਾਰ ਸਨ। ਹਾਲਾਂਕਿ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਟਿਕਟ ਲੈਣ ਵਿੱਚ ਸਫ਼ਲ ਹੋ ਗਏ ਸਨ। ਉਹ ਉਸ ਸਮੇਂ ਚੋਣਾਂ ਜਿੱਤ ਵੀ ਗਏ ਸਨ ਤੇ ਫਿਰ ਲੋਕ ਸਭਾ ਚੋਣਾਂ ਦੌਰਾਨ ਆਸ਼ੂ ਨੇ ਮਨੀਸ਼ ਤਿਵਾੜੀ ਨੂੰ ਆਪਣਾ ਹਲਕਾ ਬਦਲਣ ਲਈ ਮਜ਼ਬੂਰ ਕਰ ਦਿੱਤਾ ਸੀ। ਹੁਣ ਉਸੇ ਤਰ੍ਹਾਂ ਦਾ ਮਾਹੌਲ ਮੁੜ ਬਣਦਾ ਨਜ਼ਰ ਆ ਰਿਹਾ ਹੈ। ਹਲਕਾ ਪੱਛਮੀ ਵਿੱਚ ਪਹਿਲਾਂ ਆਸ਼ੂ ਦੇ ਮੁਕਾਬਲੇ ਕੋਈ ਨਹੀਂ ਆਉਂਦਾ ਸੀ। ਹੁਣ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਹਾਰਨ ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਬਾਕੀ ਕਾਂਗਰਸੀਆਂ ਵੱਲੋਂ ਵੱਖ-ਵੱਖ ਚੱਲਣ ਕਾਰਨ ਸਮੀਕਰਨ ਬਦਲ ਗਏ ਹਨ। ਹਾਲਾਂਕਿ, ਸਾਬਕਾ ਮੰਤਰੀ ਆਸ਼ੂ ਹਲਕਾ ਪੱਛਮੀ ਤੋਂ ਵੱਡੇ ਦਾਅਵੇਦਾਰ ਹਨ, ਉਹ ਰਾਹੁਲ ਗਾਂਧੀ ਦੇ ਕਰੀਬੀ ਵੀ ਹਨ ਤੇ ਉਨ੍ਹਾਂ ਦੀ ਟਿਕਟ ਕਟਵਾਉਣਾ ਕਾਫ਼ੀ ਮੁਸ਼ਕਲ ਹੈ।
ਉਧਰ, ਪਵਨ ਦੀਵਾਨ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਹਨ, ਉਹ ਲੰਬਾ ਸਮਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹਿ ਹਨ। ਪਹਿਲਾਂ ਕਾਂਗਰਸ ਵਿੱਚ ਕੁੱਝ ਸਮਾਂ ਮਾਹੌਲ ਖ਼ਰਾਬ ਹੋ ਗਿਆ ਸੀ, ਉਸ ਕਰਕੇ ਉਹ ਸਿਆਸਤ ਵਿੱਚ ਪਿਛੇ ਹੋ ਗਏ ਸਨ। ਹੁਣ ਮੁੜ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਦੀ ਅਗਵਾਈ ਵਿੱਚ ਲੁਧਿਆਣਾ ਵਿੱਚ ਕਾਂਗਰਸ ਸਹੀ ਕੰਮ ਕਰ ਹੀ ਹੈ। ਸਭ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਇਸ ਕਰਕੇ ਉਹ ਦੁਬਾਰਾ ਆਪਣੇ ਹਲਕੇ ਦੀ ਸੇਵਾ ਲਈ ਕੰਮ ਕਰ ਰਹੇ ਹਨ।
