ਪੀਏਯੂ ਦੇ ਸੂਖਮ ਕੀਟ ਵਿਗਿਆਨ ਖੋਜ ਕੇਂਦਰ ਨੂੰ ਕੌਮੀ ਪੁਰਸਕਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੂਖਮ ਕੀਟਾਂ ਬਾਰੇ ਖੋਜ ਕੇਂਦਰ ਨੂੰ ਇਸ ਵਿਸ਼ੇ ਬਾਰੇ ਸਰਬ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਤਹਿਤ ਭਾਰਤ ਦੇ 9 ਕੇਂਦਰਾਂ ’ਚੋਂ ਦੂਜਾ ਸਰਬੋਤਮ ਖੋਜ ਕੇਂਦਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ, ਨਵੀਂ ਦਿੱਲੀ ਵੱਲੋਂ ਦਿੱਤਾ ਗਿਆ ਇਹ ਪੁਰਸਕਾਰ ਐਕਰੋਲੋਜੀ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਦਿੱਤਾ ਗਿਆ ਹੈ। ਪੀਏਯੂ ਸੈਂਟਰ ਵੱਲੋਂ ਖੇਤੀ ਸੂਖਮ ਕੀਟ ਵਿਗਿਆਨ ਖੇਤਰ ਵਿੱਚ ਕੀਤੇ ਸ਼ਾਨਦਾਰ ਖੋਜ ਯੋਗਦਾਨ ਲਈ ਇਹ ਪੁਰਸਕਾਰ ਬੀਤੇ ਦਿਨੀਂ ਤਾਮਿਲਨਾਡੂ ਖੇਤੀ ਯੂਨੀਵਰਸਿਟੀ, ਕੋਇੰਬਟੂਰ, ਵਿਖੇ ਹੋਈ ਆਈਸੀਏਆਰ-ਏਆਈਐਨਪੀ ਦੀ ਸਾਲਾਨਾ ਸਮੂਹ ਮੀਟਿੰਗ ਵਿੱਚ ਪੇਸ਼ ਕੀਤੇ ਗਏ ਖੋਜ ਕਾਰਜ ਅਤੇ ਤਕਨਾਲੋਜੀਆਂ ਦੇ ਆਧਾਰ ’ਤੇ ਦਿੱਤਾ ਗਿਆ।
ਪੀਏਯੂ ਦੇ ਕੇਂਦਰ ਨੇ ਮੁੱਢਲੇ ਅਤੇ ਜਾਰੀ ਐਕਰੋਲੋਜੀਕਲ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦਿਸ਼ਾ ਵਿਚ ਕੇਂਦਰ ਨੇ ਸਬਜ਼ੀਆਂ ਦੀਆਂ ਫਸਲਾਂ ’ਤੇ ਮਾਈਟ ਦੀ ਰੋਕਥਾਮ ਲਈ ਵਾਤਾਵਰਣ-ਪੱਖੀ ਰਣਨੀਤੀਆਂ ਬਣਾਉਣ ਦੇ ਨਾਲ-ਨਾਲ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਉੱਭਰ ਰਹੇ ਮਾਈਟ ਕੀੜਿਆਂ ਦੀ ਨਿਗਰਾਨੀ ਅਤੇ ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਹੈ। ਪੀਏਯੂ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਵੀ ਇਸ ਪੁਰਸਕਾਰ ਲਈ ਐਕਰੋਲੋਜੀ ਵਿਗਿਆਨੀਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਡਾ. ਮਨਮੀਤ ਭੁੱਲਰ ਇਸ ਪ੍ਰਾਜੈਕਟ ਦੇ ਮੁੱਖ ਨਿਗਰਾਨ ਅਤੇ ਡਾ. ਪਰਮਜੀਤ ਕੌਰ, ਐਕਰੋਲੋਜਿਸਟ ਇਸ ਪ੍ਰਾਜੈਕਟ ਦੇ ਸਹਿ ਨਿਗਰਾਨ ਹਨ।