ਪੀਏਯੂ ਦੇ ਖੇਤੀਬਾੜੀ ਕਾਲਜ ਨੇ 71ਵਾਂ ਸਥਾਪਨਾ ਦਿਵਸ ਮਨਾਇਆ
ਪੀ ਏ ਯੂ ਦੇ ਖੇਤੀਬਾੜੀ ਕਾਲਜ ਨੇ ਆਪਣਾ 71ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਉੱਘੇ ਖੇਤੀ ਵਿਗਿਆਨੀ, ਕਾਲਜ ਦੇ ਅਧਿਆਪਕ, ਵਿਦਿਆਰਥੀ ਤੇ ਸਾਬਕਾ ਵਿਦਿਆਰਥੀ ਇਕੱਤਰ ਹੋਏ। ਇਸ ਮੌਕੇ ਆਰਥਿਕ ਵਿਗਿਆਨੀ ਡਾ. ਸਰਦਾਰਾ ਸਿੰਘ ਜੌਹਲ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪੀ ਏ ਯੂ ਦੇ ਸਾਬਕਾ ਉਪ ਕੁਲਪਤੀ ਡਾ. ਕਿਰਪਾਲ ਸਿੰਘ ਔਲਖ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਲ ਕਾਲਜ ਦੇ ਸਾਬਕਾ ਡੀਨ ਡਾ. ਡੀ. ਐੱਸ. ਚੀਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਹ ਸਾਰਾ ਸਮਾਗਮ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਦੀ ਨਿਗਰਾਨੀ ਅਤੇ ਮੇਜ਼ਬਾਨੀ ਵਿੱਚ ਨੇਪਰੇ ਚੜ੍ਹਿਆ। ਸਮਾਗਮ ਦੀ ਸ਼ੁਰੂਆਤ ਮੌਕੇ ਪਤਵੰਤਿਆਂ ਨੇ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਡਾ. ਜੌਹਲ ਨੇ ਜਿੱਥੇ ਇਸ ਕਾਲਜ ਵਿੱਚ ਆਪਣੇ ਵਿਦਿਆਰਥੀ ਦਿਨਾਂ ਨੂੰ ਯਾਦ ਕੀਤਾ, ਉੱਥੇ ਬੀਤੇ ਦਹਾਕਿਆਂ ਵਿੱਚ ਖੇਤੀਬਾੜੀ ਕਾਲਜ ਵੱਲੋਂ ਪੰਜਾਬ ਦੀ ਖੇਤੀ ਦੀ ਦਸ਼ਾ ਬਦਲਣ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਡਾ. ਔਲਖ ਨੇ ਵਿਦਿਆਰਥੀਆਂ ਦੇ ਸੰਤੁਲਿਤ ਵਿਕਾਸ ਲਈ ਅਕਾਦਮਿਕ, ਖੇਡਾਂ ਅਤੇ ਸਹਿ-ਗਤੀਵਿਧੀਆਂ ਵਿਚਕਾਰ ਸਿਹਤਮੰਦ ਸੰਤੁਲਨ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਚੀਮਾ ਨੇ ਹਰੀ ਕ੍ਰਾਂਤੀ ਅਤੇ ਪੰਜਾਬ ਦੀ ਖੇਤੀਬਾੜੀ ਤਰੱਕੀ ਵਿੱਚ ਕਾਲਜ ਦੀ ਇਤਿਹਾਸਕ ਭੂਮਿਕਾ ਨੂੰ ਉਜਾਗਰ ਕੀਤਾ। ਡਾ. ਗੋਸਲ ਨੇ ਹਾਲ ਹੀ ਦੇ ਸਾਲਾਂ ਵਿੱਚ ਪੀਏਯੂ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖੇਤੀ ਵਿਚ ਵਿਸ਼ਵ ਪੱਧਰੀ ਤਕਨੀਕ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਪਹਿਲਾਂ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਤੀਬਾੜੀ ਕਾਲਜ ਦੇ ਬੀਤੇ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਅਮਲੇ ਨੂੰ ਪਿਛਲੇ ਸਾਲ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਯੋਗਦਾਨਾਂ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਡਾ. ਕੇ ਐੱਸ ਸੰਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ।