ਪੀ ਏ ਯੂ ਦਾ ਯੁਵਕ ਮੇਲਾ: ਦੂਜੇ ਦਿਨ ਫੋਟੋਗ੍ਰਾਫੀ, ਚਿੱਤਰਕਾਰੀ ਤੇ ਕਾਰਟੂਨਿੰਗ ਮੁਕਾਬਲੇ ਕਰਵਾਏ
ਪੀ ਏ ਯੂ ਵਿੱਚ ਚੱਲ ਰਹੇ ਯੁਵਕ ਮੇਲੇ ਦੇ ਅੱਜ ਦੂਜੇ ਦਿਨ ਮਹਿੰਦੀ, ਗ੍ਰੈਫਿਟੀ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਵੇਰ ਦੇ ਸੈਸ਼ਨ ਵਿੱਚ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਜਦ ਕਿ ਸ਼ਾਮ ਦੇ ਸੈਸ਼ਨ ਵਿੱਚ ਐਜੂਕੇਸ਼ਨਲ ਟ੍ਰਿਬਿਊਨਲ ਪੰਜਾਬ ਦੇ ਮੈਂਬਰ ਡਾ. ਧਰਮ ਸਿੰਘ ਸੰਧੂ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਡਾ. ਗੋਸਲ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਸਵੇਰ ਦੇ ਸੈਸ਼ਨ ਵਿੱਚ ਫੋਟੋਗ੍ਰਾਫੀ, ਚਿੱਤਰਕਾਰੀ ਅਤੇ ਕਾਰਟੂਨਿੰਗ ਦੇ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਕੈਲੀਗ੍ਰਾਫੀ ਰਾਹੀਂ ਵਿਦਿਆਰਥੀਆਂ ਨੇ ਸ਼ਬਦਾਂ ਨੂੰ ਸੋਹਣਾ ਬਣਾ ਕੇ ਲਿਖਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਰੰਗੋਲੀ ਰਾਹੀਂ ਸੋਹਣੇ ਡਿਜ਼ਾਈਨ ਬਣਾ ਕੇ ਹਾਜ਼ਰੀਨ ਨੂੰ ਬਹੁਤ ਪ੍ਰਭਾਵਿਤ ਕੀਤਾ। ਸ਼ਾਮ ਦੇ ਸੈਸ਼ਨ ਮੌਕੇ ਡਾ. ਸੰਧੂ ਨੇ ’ਵਰਸਿਟੀ ਦੇ ਗੌਰਵਮਈ ਇਤਿਹਾਸ ਦੀ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਆਪਣੇ ਵੱਲੋਂ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਕਿਹਾ। ਸਮਾਗਮ ਦੌਰਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਆਪਣੇ ਸੰਘਰਸ਼ ਦੀ ਕਹਾਣੀ ਦੱਸੀ। ਸਾਬਕਾ ਡਿਪਟੀ ਡਾਇਰੈਕਟਰ ਅਸ਼ਵਨੀ ਭੱਲਾ, ਏ ਐੱਸ ਕਾਲਜ ਦੇ ਪ੍ਰਿੰਸੀਪਲ ਡਾ. ਪਵਨ ਕੁਮਾਰ ਅਤੇ ਮਸ਼ਹੂਰ ਫੋਟੋ ਆਰਟਿਸਟ ਜਨਮੇਜਾ ਸਿੰਘ ਜੌਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼ਾਮ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਭਾਸ਼ਣ ਕਲਾ ਰਾਹੀਂ ਜੱਜਾਂ ’ਤੇ ਚੰਗਾ ਪ੍ਰਭਾਵ ਛੱਡਿਆ। ਇਸ ਮੌਕੇ ਬਿਨਾਂ ਤਿਆਰੀ ਭਾਸ਼ਣ ਵਿੱਚ ਵਿਦਿਆਰਥੀਆਂ ਨੇ ਆਪਣੀ ਦਿਮਾਗੀ ਸੂਝ-ਬੂਝ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਗ੍ਰੈਫਿਟੀ ਅਤੇ ਮਹਿੰਦੀ ਡਿਜ਼ਾਈਨ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਜੁਆਇੰਟ ਡਾਇਰੈਕਟਰ ਡਾ. ਕੇ ਐੱਸ ਸੂਰੀ, ਅਸਿਸਟੈਂਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਕੌਰ, ਡੀ ਡੀ ਐੱਮ ਸੀ ਪ੍ਰੈਜ਼ੀਡੈਂਟ ਅਤੇ ਰਜਿਸਟ੍ਰਿੰਗ ਅਫਸਰ ਸਤਵੀਰ ਸਿੰਘ ਵੀ ਹਾਜ਼ਰ ਸਨ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਦਿਵਿਆ ਉਤਰੇਜਾ ਨੇ ਬਾਖੂਬੀ ਨਿਭਾਈ।
