ਪੀ ਏ ਯੂ ਦਾ ਯੁਵਕ ਮੇਲਾ: ਲੋਕ ਕਲਾ ਦੇ ਪ੍ਰਦਰਸ਼ਨ ਰਹੇ ਖਿੱਚ ਦਾ ਕੇਂਦਰ
ਪੀ ਏ ਯੂ ਵਿੱਚ ਚੱਲ ਰਹੇ ਸਾਲਾਨਾ ਯੁਵਕ ਮੇਲੇ ਦੇ ਤੀਸਰੇ ਦਿਨ ਅੱਜ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਲੋਕ ਕਲਾ ਦੇ ਪ੍ਰਦਰਸ਼ਨ ਰਾਹੀਂ ਮਨ ਮੋਹ ਲਿਆ। ਅੱਜ ਇੰਨੂ ਬਣਾਉਣ, ਨਾਲੇ ਬੁਣਨ, ਮਿੱਟੀ ਦੇ ਖਿਡੌਣੇ ਬਣਾਉਣ, ਛਿੱਕੂ ਬਣਾਉਣ ਅਤੇ ਪੀੜ੍ਹੀ ਬੁਣਨ ਦੇ ਨਾਲ ਨਾਲ ਕਰੋਸ਼ੀਆ, ਮੁਹਾਵਰੇਦਾਰ ਵਾਰਤਾਲਾਪ ਅਤੇ ਕਵੀਸ਼ਰੀ ਦੇ ਮੁਕਾਬਲੇ ਕਰਵਾਏ ਗਏ।
ਅੱਜ ਦੇ ਮੁਕਾਬਲਿਆਂ ਵਿੱਚ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ. ਗੁਰਸ਼ਰਨ ਜੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਖੇਤੀ ਖੋਜ ਰਾਹੀਂ ਦੇਸ਼ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ ਨਾਲ ਸੱਭਿਆਚਾਰਕ ਮੁੱਲਾਂ ਦੀ ਪੈਰਵੀ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੀ ਵਿਰਾਸਤ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕਰਦੇ ਰਹਿਣ।
ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਵਾਇਤੀ ਕਲਾ ਦੀ ਸੰਭਾਲ ਅਤੇ ਅਗਲੀਆਂ ਪੀੜ੍ਹੀਆਂ ਤੱਕ ਇਨ੍ਹਾਂ ਦੇ ਪਸਾਰ ਲਈ ਕਲਾ ਨਾਲ ਜੁੜੇ ਲੋਕਾਂ ਦਾ ਯੋਗਦਾਨ ਬੜਾ ਅਹਿਮ ਹੁੰਦਾ ਹੈ।
ਸਵੇਰ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸ਼ਾਮਲ ਹੋਏ। ਦੋਵਾਂ ਉੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਬਿਨਾਂ ਜਿੱਤ ਹਾਰ ਦੀ ਚਿੰਤਾ ਕੀਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਸਵਾਗਤ ਦੇ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਖੇ। ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ 14 ਨਵੰਬਰ ਤੋਂ ਇਸ ਯੁਵਕ ਮੇਲੇ ਦੇ ਵਡੇਰੇ ਮੁਕਾਬਲੇ ਸ਼ੁਰੂ ਹੋਣਗੇ। ਸਮਾਰੋਹ ਦਾ ਸੰਚਾਲਨ ਡਾ. ਦਿਵਿਆ ਉਤਰੇਜਾ ਨੇ ਕੀਤਾ। ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਇੰਨੂ ਬਣਾਉਣ ਵਿੱਚ ਕਾਲਜ ਆਫ ਬੇਸਿਕ ਸਾਇੰਸ ਦੇ ਅਮਰ ਬੀਰ ਸਿੰਘ, ਨਾਲੇ ਬੁਣਨ ਵਿੱਚ ਕਾਲਜ ਆਫ ਐਗਰੀਕਲਚਰ ਦੀ ਗੀਤਾ ਰਾਣੀ, ਮਿੱਟੀ ਦੇ ਖਿਡੌਣੇ ਬਣਾਉਣ ਵਿੱਚ ਕਾਲਜ ਆਫ ਐਗਰੀਕਲਰ ਦੇ ਅਭਿਸ਼ੇਕ, ਛਿੱਕੂ ਬਣਾਉਣ ਵਿੱਚ ਕਾਲਜ ਆਫ ਕਮਿਊਨਟੀ ਸਾਇੰਸ ਦੀ ਦਮਨਦੀਪ ਕੌਰ, ਪੀੜ੍ਹੀ ਬੁਣਨ ਵਿੱਚ ਕਾਲਜ ਆਫ ਐਗਰੀਕਲਚਰ ਦੀ ਤਨਬੀਨ ਕੌਰ, ਕਰੋਸ਼ੀਆ ਵਿੱਚ ਕਾਲਜ ਆਫ ਐਗਰੀਕਲਚਰ ਦੀ ਅਲੀਸ਼ ਕੰਬੋਜ਼, ਮੁਹਾਵਰੇਦਾਰ ਵਾਰਤਾਲਾਪ ਅਤੇ ਕਵੀਸ਼ਰੀ ਵਿੱਚ ਕਾਲਜ ਆਫ ਬੇਸਿਕ ਸਾਇੰਸ ਦੀ ਟੀਮ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
