ਪੀ ਏ ਯੂ ਨੇ ਸਰ੍ਹੋਂ ਦੀਆਂ ਕਿਸਮਾਂ ਦੇ ਪਸਾਰ ਲਈ ਸਮਝੌਤਾ ਕੀਤਾ
ਸਰ੍ਹੋਂ ਦੀ ਹਾਈਬ੍ਰਿੱਡ ਕਿਸਮ ਪੀ ਐੱਚ ਆਰ 127 ਅਤੇ ਇਕ ਹੋਰ ਸਰ੍ਹੋਂ ਦੀ ਕਿਸਮ ਪੀ ਸੀ-6 ਦੇ ਵਪਾਰੀਕਰਨ ਲਈ ਪੀ ਏ ਯੂ ਨੇ ਡੀ ਸੀ ਐੱਮ ਸ੍ਰੀ ਰਾਮ ਲਿਮਿਟਡ ਨਾਲ ਇਕ ਸਮਝੌਤੇ ਉੱਪਰ ਦਸਤਖਤ ਕੀਤੇ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਬੰਧਤ ਕੰਪਨੀ ਵੱਲੋਂ ਡਾ. ਗੁਰਦੇਵ ਸਿੰਘ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖ਼ਤ ਕੀਤੇ। ਇਸ ਮੌਕੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ, ਖੋਜ ਸੰਬੰਧੀ ਸਹਿਯੋਗੀ ਨਿਰਦੇਸ਼ਕ ਡਾ. ਗੌਰਵ ਤੱਗੜ ਮੌਜੂਦ ਰਹੇ। ਡਾ. ਅਜਮੇਰ ਸਿੰਘ ਢੱਟ ਨੇ ਤੇਲਬੀਜ ਸੈਕਸ਼ਨ ਦੇ ਇੰਚਾਰਜ ਡਾ. ਗੁਰਪ੍ਰੀਤ ਕੌਰ ਅਤੇ ਤੇਲ ਬੀਜ ਵਿਗਿਆਨੀ ਡਾ. ਛਾਇਆ ਅਤਰੀ ਸਮੇਤ ਸਮੁੱਚੀ ਟੀਮ ਨੂੰ ਇਹਨਾਂ ਕਿਸਮਾਂ ਦੇ ਵਿਕਾਸ ਅਤੇ ਵਪਾਰੀਕਰਨ ਲਈ ਵਧਾਈ ਦਿੱਤੀ।
ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੀ ਐੱਚ ਆਰ-127 ਦਰਮਿਆਨੇ ਵਾਧੇ ਵਾਲੀ ਸਰ੍ਹੋਂ ਦੀ ਹਾਈਬ੍ਰਿਡ ਕਿਸਮ ਹੈ ਜੋ 2024 ਵਿਚ ਕਾਸ਼ਤ ਵਾਸਤੇ ਪੰਜਾਬ ਵਿਚ ਜਾਰੀ ਕੀਤੀ ਗਈ ਸੀ। ਸਮੇਂ ਸਿਰ ਬਿਜਾਈ ਲਈ ਢੁੱਕਵੀਂ ਇਹ ਕਿਸਮ ਸਿੰਚਾਈ ਦੀਆਂ ਯੋਗ ਸਥਿਤੀਆਂ ਦੇ ਮੱਦੇਨਜ਼ਰ ਵਧੇਰੇ ਝਾੜ ਦੇਣ ਦੀ ਸਮਰਥਾ ਰੱਖਦੀ ਹੈ। ਆਦਰਸ਼ ਸਥਿਤੀਆਂ ਵਿਚ ਇਸ ਕਿਸਮ ਦਾ ਝਾੜ 9.5 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ। ਇਸ ਵਿਚ ਤੇਲ ਦੀ ਮਾਤਰਾ 39.3 ਪ੍ਰਤੀਸ਼ਤ ਹੁੰਦੀ ਹੈ। 140 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਇਹ ਕਿਸਮ ਫਸਲ ਤਬਦੀਲੀ ਪੱਖੋਂ ਬੜੀ ਸਾਜ਼ਗਾਰ ਹੈ। ਇਸੇ ਤਰ੍ਹਾਂ ਪੀ ਸੀ-6 ਆਇਲ ਸੀਡ ਬਰੈਸਿਕਾ ਦੀ ਪਹਿਲੀ ਨਿਰਧਾਰਤ ਕਿਸਮ ਹੈ। ਸਾਂਝੀ ਕਾਸ਼ਤ ਲਈ ਬੜੀ ਢੁੱਕਵੀਂ ਇਹ ਕਿਸਮ ਦਰਮਿਆਨੇ ਵਾਧੇ ਵਾਲੀ ਹੈ ਅਤੇ ਇਸ ਵਿਚ ਚਿੱਟੀ ਕੁੰਗੀ, ਸਰ੍ਹੋਂ ਦਾ ਤੇਲਾ ਅਤੇ ਝੁਲਸ ਰੋਗ ਦਾ ਸਾਹਮਣਾ ਕਰਨ ਦੀ ਸਮਰਥਾ ਹੈ। ਇਹ ਰਾਜ ਵਿਚ ਆਮ ਕਾਸ਼ਤ ਲਈ ਸੇਂਜੂ ਹਾਲਤਾਂ ਵਿਚ ਬਿਜਾਈ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ। ਇਸਦਾ ਔਸਤ ਝਾੜ 7.7 ਕੁਇੰਟਲ ਪ੍ਰਤੀ ਏਕੜ ਹੈ ਅਤੇ 157 ਦਿਨਾਂ ਵਿਚ ਪੱਕਣ ਵਾਲੀ ਇਹ ਕਿਸਮ 40.1 ਪ੍ਰਤੀਸ਼ਤ ਤੇਲ ਦੀ ਮਿਕਦਾਰ ਰੱਖਦੀ ਹੈ। ਡਾ. ਖੁਸ਼ਦੀਪ ਧਰਨੀ ਨੇ ਤਕਨਾਲੋਜੀ ਵਪਾਰੀਕਰਨ ਸੈੱਲ ਵੱਲੋਂ ਪੀ.ਏ.ਯੂ. ਦੀਆਂ ਵਪਾਰੀਕਰਨ ਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
