ਪੀਏਯੂ ਵੱਲੋਂ ਖਰਬੂਜ਼ੇ ਦੀ ਨਵੀਂ ਕਿਸਮ ਦੇ ਪਾਸਾਰ ਲਈ ਸਮਝੌਤਾ
ਪੀਏਯੂ ਨੇ ਖਰਬੂਜ਼ੇ ਦੀ ਕਿਸਮ ਪੰਜਾਬ ਅੰਮ੍ਰਿਤ ਦੇ ਵਪਾਰੀਕਰਨ ਲਈ ਕਪੂਰਥਲਾ ਸਥਿਤ ਜਨਰੇਸ਼ਨ ਸੀਡਜ਼ ਪ੍ਰਾਈਵੇਟ ਨਾਲ ਇੱਕ ਸਮਝੌਤਾ ਕੀਤਾ ਹੈ। ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਜਨਰੇਸ਼ਨ ਸੀਡਜ਼ ਤੋਂ ਪਰਮਜੀਤ ਸਿੰਘ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ’ਤੇ ਦਸਤਖਤ ਕੀਤੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ, ਡਾ. ਖੁਸ਼ਦੀਪ ਧਾਰਨੀ, ਡਾ. ਸਤਪਾਲ ਸ਼ਰਮਾ ਅਤੇ ਡਾ. ਸਲੇਸ਼ ਕੁਮਾਰ ਜਿੰਦਲ ਮੌਜੂਦ ਸਨ।
ਖਰਬੂਜੇ ਦੀ ਸਮਝੌਤੇ ਅਧੀਨ ਕਿਸਮ ਪੰਜਾਬ ਅੰਮ੍ਰਿਤ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਤਪਾਲ ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੀਆਂ ਵੇਲਾਂ ਦਰਮਿਆਨੀਆਂ ਲੰਬੀਆਂ, ਮਜ਼ਬੂਤ ਅਤੇ ਗੂੜ੍ਹੇ ਹਰੇ ਰੰਗ ਦੀਆਂ ਪੱਤੀਆਂ ਵਾਲੀਆਂ ਹੁੰਦੀਆਂ ਹਨ। ਇਸ ਦੇ ਫਲ ਗੋਲ ਹੁੰਦੇ ਹਨ, ਹਰੇ-ਪੀਲੇ ਰੰਗ ਦੇ ਛਿੱਲੜ ਵਾਲੇ ਹੁੰਦੇ ਹਨ। ਇਸ ਕਿਸਮ ਦਾ ਗੁੱਦਾ ਕਰੀਮੀ ਚਿੱਟਾ, ਦਰਮਿਆਨਾ ਖਸਤਾ ਅਤੇ ਮੱਧਮ ਦਰਜੇ ਦਾ ਰਸੀਲਾ ਹੁੰਦਾ ਹੈ ਜਿਸ ਵਿੱਚ 14.7 ਫੀਸਦ ਟੀਐੱਸਐੱਸ ਹੁੰਦਾ ਹੈ। ਸੁਰੱਖਿਅਤ ਖੇਤੀ ਵਿੱਚ ਪਲਾਸਟਿਕ ਮਲਚ ਨਾਲ, ਇਸਦਾ ਔਸਤ ਫਲ ਝਾੜ 84.6 ਕੁਇੰਟਲ/ਏਕੜ ਆ ਸਕਦਾ ਹੈ। ਇਸ ਕਿਸਮ ਦੀ ਸ਼ੈਲਫ ਲਾਈਫ ਲੰਬੀ ਹੈ। ਇਸ ਕਿਸਮ ਦਾ ਬੀਜ ਉਤਪਾਦਨ ਐੱਫ 1 ਹਾਈਬ੍ਰਿਡ ਦੇ ਮੁਕਾਬਲੇ ਆਸਾਨ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਸਤਪਾਲ ਸ਼ਰਮਾ ਨੂੰ ਇਸ ਕਿਸਮ ਦੇ ਵਪਾਰੀਕਰਨ ਲਈ ਵਧਾਈ ਦਿੱਤੀ। ਐਸੋਸੀਏਟ ਡਾਇਰੈਕਟਰ, ਟੈਕਨਾਲੋਜੀ ਮਾਰਕੀਟਿੰਗ ਸੈੱਲ ਡਾ. ਖੁਸ਼ਦੀਪ ਧਾਰਨੀ ਨੇ ਕਿਹਾ ਕਿ ਪੀਏਯੂ ਤਕਨੀਕਾਂ ਦੇ ਵਪਾਰੀਕਰਨ ਦੇ ਜ਼ਰੀਏ ਖੇਤੀ ਦੀਆਂ ਸਮੂਹ ਧਿਰਾਂ ਦੇ ਲਾਭ ਲਈ ਨਿਰੰਤਰ ਗਤੀਸ਼ੀਲ ਹੈ।