ਪੀ ਏ ਯੂ ਵੱਲੋਂ ਫਸਲੀ ਵਿਭਿੰਨਤਾ ਸਬੰਧੀ ਜਾਗਰੂਕਤਾ ਕੈਂਪ
ਫਸਲੀ ਚੱਕਰ ਨੂੰ ਤੋੜਨ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਡਾ. ਦਵਿੰਦਰ ਤਿਵਾੜੀ ਦੀ ਅਗਵਾਈ ਹੇਠ ਸਹਿਕਾਰੀ ਕੋਆਪ੍ਰੇਟਿਵ ਸੁਸਾਇਟੀ ਪਿੰਡ ਰੁੜਕਾ ਕਲਾਂ ਵਿੱਚ ਫਸਲੀ ਵਿਭੰਨਤਾ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਡਾ. ਤਿਵਾੜੀ ਨੇ ਦੱਸਿਆ ਕਿ ਰਵਾਇਤੀ ਫਸਲੀ ਚੱਕਰ ਤੋਂ ਨਿਕਲਣ ਲਈ ਅਜਿਹੀਆਂ ਫਸਲਾਂ ਜਿਨ੍ਹਾਂ ਲਈ ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਨੂੰ ਅਪਣਾਉਣਾ ਪਵੇਗਾ ਇਸ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇਗੀ ਉੱਥੇ ਹੀ ਪਾਣੀ ਦੀ ਵਰਤੋਂ ਘਟਾਉਣ ਵਿੱਚ ਵੀ ਸਹਾਇਤਾ ਮਿਲੇਗੀ। ਯੂਨੀਵਰਸਿਟੀ ਦੇ ਰਾਵੇ ਟਰੇਨਿੰਗ ਦੇ ਵਿਦਿਆਰਥੀਆਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਆਲੂ, ਬਸੰਤ ਰੁੱਤ ਦੀ ਮੱਕੀ, ਸੱਠੀ ਮੂੰਗੀ, ਮੂੰਗਫਲੀ, ਦਾਲਾਂ ਦੀਆਂ ਉੱਨਤ ਕਿਸਮਾਂ, ਬਾਜਰਾ, ਸਰੋਂ, ਛੋਲੇ ਆਦਿਕ ਦੀ ਖੇਤੀ ਨਾਲ ਰਵਾਇਤੀ ਫਸਲੀ ਚੱਕਰ ਨੂੰ ਤੋੜਨ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਕੈਂਪ ਵਿੱਚ ਪ੍ਰਸਾਰ ਸਿੱਖਿਆ ਵਿਭਾਗ ਦੇ ਡਾ. ਲਵੀਸ਼ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਕੈਂਪ ਵਿੱਚ ਸਾਮਲ ਕਿਸਾਨਾਂ ਨੂੰ ਨਿਰੰਤਰ ਖੇਤੀਬਾੜੀ ਯੂਨਿਵਰਸਿਟੀ ਦੇ ਸਪੰਰਕ ਵਿੱਚ ਰਹਿਣ ਅਤੇ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਖੇਤੀ ਨੂੰ ਆਧੁਨਿਕ ਲੀਹਾਂ ਉੱਪਰ ਤੋਰਨ ਉੱਪਰ ਜੋਰ ਦਿੱਤਾ। ਇਸ ਮੌਕੇ ਕੈਂਪ ਨੂੰ ਸਫ਼ਲ ਕਰਨ ਵਿੱਚ ਸੁਸਾਇਟੀ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਸੈਕਟਰੀ ਵਰਿਆਮ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ ਜਦਕਿ ਰਾਵੇ ਟਰੇਨਿੰਗ ਦੇ ਵਿਦਿਆਰਥੀਆਂ ਨੇ ਪਿੰਡ ਦੇ ਕਿਸਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।