ਪੀ ਏ ਯੂ ਨੂੰ ਕੌਮੀ ਪੱਧਰ ਦੇ ਸਨਮਾਨ ਨਾਲ ਨਿਵਾਜਿਆ
ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਨਮਾਨ ਨੂੰ ਯੂਨੀਵਰਸਿਟੀ ਦੇ ਵਿਗਿਆਨਕ ਨਜ਼ਰੀਏ ਅਤੇ ਕਿਸਾਨੀ ਸਮਾਜ ਦੇ ਵਿਕਾਸ ਲਈ ਪਾਏ ਭਰਪੂਰ ਯੋਗਦਾਨ ਨੂੰ ਪ੍ਰਮਾਣਿਤ ਕਰਨ ਵਾਲਾ ਕਿਹਾ। ਡਾ. ਗੋਸਲ ਨੇ ਕਿਹਾ ਕਿ ਆਈ ਆਈ ਆਰ ਐੱਫ ਐਵਾਰਡ ਹਰੀ ਕ੍ਰਾਂਤੀ ਨਾਲ ਪੈਦਾ ਹੋਏ ਵਿਗਿਆਨਕ ਖੇਤੀ ਦੇ ਅਧਿਆਇ ਦੀ ਸਫਲਤਾ ਦਾ ਇਕ ਸਿਰਾ ਮੰਨਿਆ ਜਾਣਾ ਚਾਹੀਦਾ ਹੈ ਜਿਸਨੇ ਭਾਰਤੀ ਲੋਕਾਂ ਨੂੰ ਭੋਜਨ ਸੁਰੱਖਿਆ ਅਤੇ ਅਨਾਜ ਪੱਖੋਂ ਸਵੈ ਨਿਰਭਰਤਾ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਨਾ ਸਿਰਫ ਖੇਤੀ ਵਿਗਿਆਨ ਨੂੰ ਸਿਖਰਾਂ ਵੱਲ ਲਿਜਾਣ ਵਾਲੇ ਵਿਦਿਆਰਥੀ ਅਤੇ ਅਕਾਦਮਿਕ ਮਾਹਿਰ ਪੈਦਾ ਕੀਤੇ ਬਲਕਿ ਕਿਸਾਨਾਂ ਨੂੰ ਮੁਨਾਫ਼ੇ ਵਾਲੀ ਖੇਤੀ ਨਾਲ ਜੋੜਨ, ਵਾਤਾਵਰਨ ਪੱਖੀ ਖੇਤੀ ਮਾਹੌਲ ਉਸਾਰਨ ਅਤੇ ਖੇਤੀ ਅਤੇ ਉਦਯੋਗ ਵਿਚਕਾਰ ਪਾੜਾ ਘਟਾਉਣ ਪੱਖੋਂ ਜ਼ਿਕਰਯੋਗ ਕਾਰਜ ਨੂੰ ਅੰਜਾਮ ਦਿੱਤਾ ਹੈ।
ਇਸ ਐਵਾਡਰ ਨੂੰ ਹਾਸਲ ਕਰਨ ਲਈ ਤਜਵੀਜ਼ੀ ਪੱਤਰ ਤਿਆਰ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਪੀ ਏ ਯੂ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਮੌਜੂਦਾ ਸਮੇਂ ਯੂਨੀਵਰਸਿਟੀ 11 ਅੰਡਰ ਗ੍ਰੈਜੂਏਟ, 47 ਮਾਸਟਰਜ਼ ਅਤੇ 30 ਡਾਕਟਰਲ ਡਿਗਰੀ ਪ੍ਰੋਗਰਾਮਾਂ ਸਹਿਤ 92 ਅਕਾਦਮਿਕ ਪ੍ਰੋਗਰਾਮਾਂ ਵਿਚ ਸਿੱਖਿਆ ਪ੍ਰਦਾਨ ਕਰ ਰਹੀ ਹੈ।
