ਪੀਏਯੂ ਨੂੰ ਫਾਸਫਾਈਡ ਚਾਰੇ ਲਈ ਪੇਟੈਂਟ ਮਿਲਿਆ
ਪੀਏਯੂ ਦੇ ਜ਼ੂਆਲੋਜੀ ਵਿਭਾਗ ਨੂੰ ਚੂਹਿਆਂ ਦੀ ਰੋਕਥਾਮ ਲਈ ਵਰਤੋਂ ਵਿਚ ਆਉਣ ਵਾਲੇ ਫਾਸਫਾਈਡ ਚਾਰੇ ਵਾਸਤੇ ਪੇਟੈਂਟ ਮਿਲਿਆ ਹੈ। ਇਸ ਤਕਨਾਲੋਜੀ ਦੇ ਖੋਜੀ ਡਾ. ਬੀ ਕੇ ਬੱਬਰ, ਐੱਮ ਐੱਸ ਸੀ ਦੀ ਵਿਦਿਆਰਥਣ ਕੁਮਾਰੀ ਸੋਨਮ ਕੱਕੜ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਲੁਧਿਆਣਾ ਦੇ ਓਰੀਅਨ ਆਰਗੈਨਿਕਸ ਪ੍ਰਾਈਵੇਟ ਵਿਚ ਕੰਮ ਕਰਦੇ ਡਾ. ਰਾਕੇਸ਼ ਕੁਮਾਰ ਨੂੰ ਇਹ ਪੇਟੈਂਟ ਦਿੱਤਾ ਗਿਆ। ਡਾ. ਬੀ ਕੇ ਬੱਬਰ ਸਰਵ ਭਾਰਤੀ ਨੈੱਟਵਰਕ ਪ੍ਰਾਜੈਕਟ ਉੱਪਰ ਕੰਮ ਕਰ ਰਹੇ ਸਨ ਜੋ ਜ਼ੂਆਲੋਜੀ ਵਿਭਾਗ ਵਿਚ ਚੂਹਿਆਂ ਦੀ ਰੋਕਥਾਮ ਬਾਰੇ ਹੈ। ਡਾ. ਬੱਬਰ ਨੇ ਦੱਸਿਆ ਕਿ ਇਹ ਜ਼ੂਆਲੋਜੀ ਵਿਭਾਗ ਨੂੰ ਮਿਲਿਆ ਪਹਿਲਾ ਪੇਟੈਂਟ ਹੈ।
ਜ਼ਿੰਕ ਫਾਸਫਾਈਡ ਚਾਰਾ ਚੂਹਿਆਂ ਦੀ ਰੋਕਥਾਮ ਵਾਸਤੇ ਤਕਨਾਲੋਜੀ ਹੈ ਜੋ ਦੇਸ਼ ਭਰ ਦੇ ਕਿਸਾਨਾਂ ਵੱਲੋਂ ਪ੍ਰਵਾਨ ਕੀਤੀ ਜਾਂਦੀ ਹੈ ਪਰ ਇਸਦਾ ਨੁਕਸਾਨ ਇਹ ਹੈ ਕਿ ਇਸ ਦੀ ਵਰਤੋਂ ਨਾਲ ਚੂਹਿਆਂ ਦੀਆਂ ਪੀੜ੍ਹੀਆਂ ਵਿਚ ਜ਼ਹਿਰ ਦੀ ਪ੍ਰਤੀਰੋਧੀ ਸਮਰੱਥਾ ਪੈਦਾ ਹੋ ਜਾਂਦੀ ਹੈ ਜਿਸ ਨਾਲ ਇਸ ਦਾ ਅਸਰ ਘਟਦਾ ਹੈ। ਡਾ. ਬੱਬਰ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਵਰਤੋਂ ਵਾਸਤੇ ਤਿਆਰ ਅਤੇ ਸਥਿਰ ਫਾਸਫਾਈਡ ਚਾਰਾ ਤਿਆਰ ਕੀਤਾ ਗਿਆ ਹੈ। ਇਹ ਪੇਟੈਂਟ ਤਕਨਾਲੋਜੀ ਵਧੇਰੇ ਟਿਕਾਊ, ਵੱਧ ਪ੍ਰਭਾਵ ਵਾਲੀ ਅਤੇ ਚੂਹਿਆਂ ਉੱਤੇ ਮਾਰੂ ਅਸਰ ਪਾਉਣ ਵਿਚ ਸਹਾਈ ਹੁੰਦੀ ਹੈ। ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਿਕ ਸਾਇੰਸਿਜ਼ ਕਾਲਜ ਦੇ ਖੋਜ ਕੁਆਰਡੀਨੇਟਰ ਡਾ. ਨੀਨਾ ਸਿੰਗਲਾ, ਜੁਆਲੋਜੀ ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਸ ਤਕਨਾਲੋਜੀ ਨੂੰ ਬੇਹੱਦ ਲਾਹੇਵੰਦੀ ਦੱਸਦਿਆਂ ਇਸ ਦੇ ਪੇਟੈਂਟ ਲਈ ਸਬੰਧਿਤ ਟੀਮ ਨੂੰ ਵਧਾਈ ਦਿੱਤੀ।