ਪੀਏਯੂ ਵੱਲੋਂ ਮਿੱਟੀ ਰਹਿਤ ਸਬਜ਼ੀਆਂ ਦੀ ਕਾਸ਼ਤ ਦੀ ਸਿਖਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਸਬਜ਼ੀਆਂ ਦੀ ਕਾਸ਼ਤ ਦੀਆਂ ਵੱਖ-ਵੱਖ ਤਕਨੀਕਾਂ- ਹਾਈਡ੍ਰਰੋਪੋਨਿਕਸ, ਮਿੱਟੀ ਰਹਿਤ, ਰੂਫ਼ ਟੋਪ ਅਤੇ ਨੈੱਟ ਹਾਊਸ ਰਾਹੀਂ ਕਾਸ਼ਤ’ ਸਬੰਧੀ ਵਿਸ਼ੇ ’ਤੇ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਜਿਸ ਵਿੱਚ 54 ਸਿਖਿਆਰਥੀਆਂ ਨੇ ਹਿੱਸਾ ਲਿਆ।
ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਖੇਤੀਬਾੜੀ ਲਈ ਘੱਟ ਰਹੀਆਂ ਜ਼ਮੀਨਾਂ ਦੇ ਚਲਦਿਆਂ ਘਰਾਂ ਦੀਆਂ ਛੱਤਾਂ ਉੱਪਰ ਮਿੱਟੀ ਰਹਿਤ ਵੱਖ-ਵੱਖ ਤਰੀਕਿਆਂ ਨਾਲ਼ ਅਸੀਂ ਪੌਸ਼ਟਿਕ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਾਂ। ਇਸ ਸਬੰਧੀ ਯੂਨੀਵਰਸਿਟੀ ਦੇ ਮਿੱਟੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੇ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਕੋਰਸ ਦੇ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰੂਮਾ ਦੇਵੀ ਨੇ ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਵਧਾਉਣ ਦੀਆਂ ਨਵੀਆਂ ਤਕਨੀਕਾਂ ਅਤੇ ਇਸਦੇ ਭਵਿੱਖ ਬਾਰੇ ਦੱਸਿਆ। ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰਾਂ ਡਾ. ਦਿਲਪ੍ਰੀਤ ਤਲਵਾੜ, ਡਾ. ਸਾਲੇਸ਼ ਜਿੰਦਲ, ਡਾ. ਰਜਿੰਦਰ ਢੱਲ, ਡਾ. ਮਹਿੰਦਰ ਕੌਰ ਸਿੱਧੂ, ਡਾ. ਹਰਪਾਲ ਸਿੰਘ ਭੁੱਲਰ, ਡਾ. ਰੁਪੀਤ ਕੌਰ ਗਿੱਲ, ਡਾ. ਬਰਿੰਦਰ ਕੌਰ, ਡਾ. ਸੁਖਜੀਤ ਕੌਰ, ਡਾ. ਅਭਿਸ਼ੇਕ ਸ਼ਰਮਾ ਅਤੇ ਡਾ. ਸਈਦ ਪਟੇਲ ਨੇ ਟਮਾਟਰ, ਸ਼ਿਮਲਾ ਮਿਰਚ, ਖੀਰਾ ਅਤੇ ਬੈਂਗਣ ਦੀ ਨੈੱਟ ਹਾਊਸ ਅਤੇ ਮਟਰਾਂ ਦੀ ਖੁੱਲ੍ਹੇ ਖੇਤਾਂ ਵਿੱਚ ਕਾਸ਼ਤ ਕਰਨ ਬਾਰੇ ਦੱਸਿਆ ਅਤੇ ਸਬਜ਼ੀਆਂ ਦੀ ਫ਼ਸਲ ਵਿੱਚ ਕੀੜੇ-ਮਕੌੜਿਆਂ ਦੀ ਰੋਕ-ਥਾਮ ਬਾਰੇ, ਫ਼ਸਲਾਂ ਵਿੱਚ ਬਿਮਾਰੀਆਂ ਦੀ ਰੋਕਥਾਮ ਅਤੇ ਜੜ੍ਹ ਗੰਢ ਰੋਗ ਬਾਰੇ ਜਾਗਰੂਕ ਕੀਤਾ। ਕੌਰਸ ਕੁਆਰਡੀਨੇਟਰ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਮਿੱਟੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਿਲੇਸ਼ ਬਿਵਾਲਕਰ, ਡਾ. ਜੁਗਰਾਜ ਸਿੰਘ, ਡਾ. ਅੰਗਰੇਜ ਸਿੰਘ, ਡਾ. ਸੁਧੀਰ ਥੰਮਨ, ਡਾ. ਮਹੇਸ਼ ਚੰਦ ਸਿੰਘ ਆਦਿ ਨੇ ਪਾਣੀ ਬਚਾਉਣ ਲਈ ਵੱਖ-ਵੱਖ ਤਕਨੀਕਾਂ- ਰੂਫ ਟੋਪ, ਗਾਰਡਨ, ਹਾਈਡ੍ਰੋਪੋਨਿਕਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਸੋਇਲ ਕੰਜ਼ਰਵੇਸ਼ਨ ਅਫ਼ਸਰ ਸੁਨੀਲ ਕੁਮਾਰ ਨੇ ਆਪਣੇ ਵਿਭਾਗ ਵੱਲੋਂ ਫ਼ਸਲਾਂ ਦੀ ਕਾਸ਼ਤ ਸਮੇਂ ਤੁਪਕਾ ਸਿੰਚਾਈ ਕਰਨ ਲਈ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਾਰੇ ਮਾਹਿਰਾਂ ਨੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।