ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਹਾਨੀਅਤ ਦੇ ਰੰਗ ’ਚ ਰੰਗਿਆ ਪੀ ਏ ਯੂ ਕੈਂਪਸ

ਰੌਸ਼ਨੀ ਤੇ ਆਵਾਜ਼ ਸ਼ੋਅ ’ਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ
ਪੀ ਏ ਯੂ ਦੇ ਮੇਲਾ ਗਰਾਊਂਡ ਵਿੱਚ ਰੋਸ਼ਨੀ ਤੇ ਆਵਾਜ਼ ਸ਼ੋਅ ਦੀ ਝਲਕ। -ਫੋਟੋਆਂ: ਹਿਮਾਂਸ਼ੂ
Advertisement

ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਦਿਵਸ ਸਬੰਧੀ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਮੇਲਾ ਗਰਾਊਂਡ ਵਿੱਚ ਕਰਵਾਇਆ ਮੈਗਾ ਲਾਈਟ ਐਂਡ ਸਾਊਂਡ (ਰੋਸ਼ਨੀ ਤੇ ਆਵਾਜ਼) ਸ਼ੋਅ ਯੂਨੀਵਰਸਿਟੀ ਕੈਂਪਸ ਨੂੰ ਰੂਹਾਨੀਅਤ ਦੇ ਰੰਗ ਵਿੱਚ ਰੰਗ ਗਿਆ। ਇਸ ਸ਼ੋਅ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦੱਸੇ ਗਏ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰਾ, ਦਇਆ ਅਤੇ ਮਨੁੱਖਤਾ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਹਰਦੀਪ ਸਿੰਘ ਮੁੰਡੀਆਂ, ਹਲਕਾ ਵਿਧਾਇਕਾਂ ਦਲਜੀਤ ਸਿੰਘ ਭੋਲਾ ਗਰੇਵਾਲ, ਅਸ਼ੋਕ ਪ੍ਰਾਸ਼ਰ ਪੱਪੀ, ਮਦਨ ਲਾਲ ਬੱਗਾ, ਰਾਜਿੰਦਰ ਪਾਲ ਕੌਰ ਛੀਨਾ, ਮੇਅਰ ਇੰਦਰਜੀਤ ਕੌਰ, ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸਮੇਤ ਹੋਰ ਪਹੁੰਚੀਆਂ ਅਹਿਮ ਸ਼ਖ਼ਸੀਅਤਾਂ ਨੇ ਗੁਰੂ ਸਾਹਿਬ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ।

ਸ਼ੋਅ ਦੇਖਣ ਪਹੁੰਚੇ ਸ਼ਰਧਾਲੂਆਂ ਵਿੱਚ ਬੈਠੀ ਬੱਚੀ।

ਇਸ ਤੋਂ ਕੁੱਝ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਸਬੰਧੀ ਵੀ ਪੀ ਏ ਯੂ ਦੇ ਮੇਲਾ ਗਰਾਊਂਡ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਸੀ। ਇਸ ਵਾਰ ਦਾ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪੁਰਬ ਸਬੰਧੀ ਕਰਵਾਇਆ ਗਿਆ। ਇਸ ਸ਼ੋਅ ਨੂੰ ਦੇਖਣ ਲਈ ਸ਼ਰਧਾਲੂ ਦੁਪਹਿਰ ਦੇ ਸਮੇਂ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ। ਦਾਖ਼ਲਾ ਬਿਲਕੁਲ ਮੁਫ਼ਤ ਹੋਣ ਕਰਕੇ ਸ਼ਾਮ ਹੁੰਦੇ-ਹੁੰਦੇ ਸ਼ੋਅ ਵਿੱਚ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾਂ ਵਧ ਗਈ। ਸ਼ਰਧਾਲੂਆਂ ਵਿੱਚ ਵੱਡੀ ਗਿਣਤੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੀ ਦੇਖਣ ਨੂੰ ਮਿਲੀ।

Advertisement

ਲਗਪਗ 45 ਮਿੰਟ ਦੇ ਇਸ ਸ਼ੋਅ ਵਿੱਚ ਗੁਰੂ ਸਾਹਿਬ ਦੇ ਜੀਵਨ, ਵਿਰਾਸਤ, ਸਿੱਖਿਆਵਾਂ ਅਤੇ ਸਰਵਉੱਚ ਕੁਰਬਾਨੀ ਦਾ ਡਿਜੀਟਲ ਚਿੱਤਰਨ ਪੇਸ਼ ਕੀਤਾ ਗਿਆ। ਇਹ ਸ਼ੋਅ ਗੁਰੂ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਵਧੀਆ ਢੰਗ ਨਾਲ ਦਰਸਾਉਂਦਾ ਹੋਇਆ ’ਵਰਸਿਟੀ ਕੈਂਪਸ ਨੂੰ ਵੀ ਰੂਹਾਨੀਅਤ ਦੇ ਰੰਗ ਵਿੱਚ ਰੰਗ ਗਿਆ।

 

ਕਈ ਦਿਨਾਂ ਤੋਂ ਤਿਆਰੀਆਂ ’ਚ ਜੁਟਿਆ ਹੋਇਆ ਸੀ ਪ੍ਰਸ਼ਾਸਨ

ਮੈਗਾ ਲਾਈਟ ਐਂਡ ਸਾਊਂਡ ਸ਼ੋਅ ਲਈ ਪੂਰਾ ਪ੍ਰਸਾਸ਼ਨ ਪਿਛਲੇ ਕਈ ਦਿਨਾਂ ਤੋਂ ਮਿਹਨਤ ਕਰ ਰਿਹਾ ਸੀ। ਬੀਤੇ ਦਿਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੌਕੇ ’ਤੇ ਜਾ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਸ਼ੋਅ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਤੋਂ ਇਲਾਵਾ ਡੀਸੀ ਨੇ ਸ਼ੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਅਤੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਸੀ। ਅੱਜ ਸ਼ੋਅ ਦੌਰਾਨ ਭਾਵੇਂ ਤਕਨੀਕੀ ਕਾਰਨਾਂ ਕਰਕੇ ਦੋ ਕੁ ਵਾਰ ਸ਼ੋਅ ਵਿੱਚ ਕੁੱਝ ਰੁਕਾਵਟ ਪਈ ਪਰ ਇਸ ਨੂੰ ਜਲਦੀ ਹੀ ਦਰੁਸਤ ਕਰ ਲਿਆ ਗਿਆ। ਡਿਜੀਟਲ ਸ਼ੋਅ ਦੇਖਣ ਪਹੁੰਚੇ ਸ਼ਰਧਾਲੂਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Advertisement
Show comments