ਹੈਬੋਵਾਲ ਦੀਆਂ ਖਸਤਾ ਹਾਲ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ
ਹੈਬੋਵਾਲ ਇਲਾਕੇ ਵਿੱਚ ਬਾਰਿਸ਼ ਕਾਰਨ ਬਣੀ ਸੜਕਾਂ ਦੀ ਮਾੜੀ ਹਾਲਤ ਦੇ ਰੋਸ ਵਜੋਂ ਭਾਜਪਾ ਮੰਡਲ ਆਗੂ ਨਵੀਨ ਵਡੇਰਾ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਨਿਵੇਕਲੇ ਢੰਗ ਨਾਲ ਰੋਸ ਮੁਜ਼ਾਹਰਾ ਕਰਕੇ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਦੀ ਮੰਗ ਕੀਤੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸੜਕ ਉੱਪਰ ਪਏ ਟੋਇਆਂ ਦੁਆਲੇ ਚੂਨੇ ਦੇ ਨਿਸ਼ਾਨ ਲਗਾ ਕੇ ਵਿੱਚ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਗੱਡਿਆ ਅਤੇ ਲੋਕਾਂ ਨੂੰ ਆਪਣੀ ਜਾਨ ਬਚਾ ਕੇ ਲੰਘਣ ਲਈ ਜਾਗਰੂਕ ਕੀਤਾ।
ਇਸ ਮੌਕੇ ਭਾਜਪਾ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ, ਨਗਰ ਨਿਗਮ ਵਿੱਚ ਭਾਜਪਾ ਦੇ ਉਪ ਆਗੂ ਰੋਹਿਤ ਸਿੱਕਾ, ਇੰਦਰਜੀਤ ਸਿੰਘ ਬੱਗਾ, ਪ੍ਰਵੀਨ ਸ਼ਰਮਾ, ਰਾਮ ਨਿਵਾਸ, ਨੀਰਜ ਕੁਮਾਰ, ਅਸ਼ਿੰਦਰ ਬੰਗਾ ਅਤੇ ਵਿਜੇ ਚੱਡਾ ਆਦਿ ਨੇ ਹੈਬੋਵਾਲ ਦੀਆਂ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹੈਬੋਵਾਲ ਦੀਆਂ ਸੜਕਾਂ ਟੋਇਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਜਿੱਥੇ ਹਰ ਰੋਜ਼ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰਿਸ਼ਾਂ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਮਿੱਟੀ ਅਤੇ ਰੋੜੀ ਦਾ ਇਸਤੇਮਾਲ ਟੋਇਆਂ ਨੂੰ ਭਰ ਦਿੱਤਾ ਸੀ ਅਤੇ ਕਾਗਜ਼ਾਂ ਵਿੱਚ ਸੜਕ ਦੀ ਮਰੰਮਤ ਕਰ ਦਿੱਤੀ ਸੀ ਪਰ ਬਾਰਿਸ਼ਾਂ ਸ਼ੁਰੂ ਹੁੰਦੀਆਂ ਹੀ ਟੋਏ ਮੁੜ ਵੱਡੇ ਹੋ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਮਹਤਾ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਖ਼ਸਤਾ ਹਾਲਤ ਸੜਕਾਂ ਦੀ ਮੁਰੰਮਤ ਕਰਾ ਕੇ ਲੋਕਾਂ ਦੀ ਜਾਨ ਦੀ ਰਾਖੀ ਕਰਨ।