ਹਾਰ ਲਈ ਪਾਰਟੀ ਵਰਕਰ ਦੋਸ਼ੀ ਨਹੀਂ: ਆਸ਼ੂ
ਤਰਨਤਾਰਨ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਮਗਰੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਾਰਟੀ ਆਗੂਆਂ ’ਤੇ ਹੀ ਸਵਾਲ ਚੁੱਕੇ ਹਨ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਕਿ ਇਸ ਹਾਰ ਲਈ ਕਾਂਗਰਸੀ ਵਰਕਰਾਂ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਉਨ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਕਾਂਗਰਸ ਆਗੂਆਂ ਨੂੰ ਇਮਾਨਦਾਰੀ ਨਾਲ ਹਾਰ ਦਾ ਮੰਥਨ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਨਾਮ ਲਏ ਬਿਨਾਂ ਸੀਨੀਅਰ ਕਾਂਗਰਸੀਆਂ ’ਤੇ ਹੀ ਸਵਾਲ ਚੁੱਕੇ ਕਿ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਜਦੋਂ ਉਨ੍ਹਾਂ ਦੀ ਹਾਰ ਹੋਈ ਤਾਂ ਉਦੋਂ ਕਿਹਾ ਗਿਆ ਕਿ ਪਾਰਟੀ ਅੰਦਰੂਨੀ ਕਲੇਸ਼ ਕਰਕੇ ਹਾਰੀ ਹੈ। ਉਹ ਦਸ ਹਜ਼ਾਰ ਵੋਟਾਂ ਨਾਲ ਹਾਰੇ ਸਨ। ਹੁਣ ਤਰਨ ਤਾਰਨ ਵਿੱਚ ਕਾਂਗਰਸ 13 ਹਜ਼ਾਰ ਵੋਟਾਂ ਨਾਲ ਹਾਰੀ ਹੈ, ਉਸ ਨੂੰ ਅਕਾਲੀ ਦਲ ਲਈ ਸਿਲਵਰ ਲਾਈਨ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਜ਼ਿਮਨੀ ਚੋਣਾਂ ਸਰਕਾਰੀ ਤੰਤਰ ਨਾਲ ਵਿਰੋਧੀ ਪਾਰਟੀਆਂ ਦੀ ਲੜਾਈ ਸੀ। ਕਾਂਗਰਸ ਪਾਰਟੀ ਨੇ ਤਰਨ ਤਾਰਨ ਚੋਣਾਂ ਇਕਜੁੱਟ ਹੋ ਕੇ ਲੜੀਆਂ, ਫਿਰ ਵੀ ਨਤੀਜੇ ਉਮੀਦ ਮੁਤਾਬਕ ਨਹੀਂ ਆਏ। ਇਸ ’ਤੇ ਸੀਨੀਅਰ ਆਗੂਆਂ ਨੂੰ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਕਾਂਗਰਸ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਹੋਏ ਹਨ, ਪਰ ਫਿਰ ਵੀ ਦਸ ਹਜ਼ਾਰ ਵੋਟਾਂ ਨਾਲ ਹਾਰ ਹੋਈ। ਇਥੇ ਤਾਂ ਕਾਂਗਰਸ ਵੀ ਇਕਜੁੱਟ ਨਹੀਂ ਸੀ, ਜਦੋਂਕਿ ਤਰਨ ਤਾਰਨ ਵਿੱਚ ਸਾਰੇ ਆਗੂ ਇੱਕੋਂ ਮੰਚ ’ਤੇ ਸਨ। ਹੁਣ ਕਾਂਗਰਸੀ ਵਰਕਰਾਂ ਨੂੰ ਇਸ ਹਾਰ ਲਈ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਰਨ ਤਾਰਨ ਵਿੱਚ ਤਾਂ ਅਕਾਲੀ ਦਲ ਦੀ ਗੁੱਟਬਾਜ਼ੀ ਸੀ। ਫਿਰ ਵੀ ਉਨ੍ਹਾਂ ਨੂੰ ਉਮੀਦ ਤੋਂ ਵੱਧ ਵੋਟਾਂ ਪਈਆਂ। ਇਸ ਕਰਕੇ ਹੁਣ ਕਾਂਗਰਸ ਨੂੰ ਵੀ ਵਰਕਰਾਂ ’ਤੇ ਵਿਸ਼ਵਾਸ ਕਰਕੇ 2027 ਦੀ ਤਿਆਰੀ ਕਰਨੀ ਚਾਹੀਦੀ ਹੈ।
ਜਿੱਤ ‘ਆਪ’ ਦੇ ਮੁੜ ਸੱਤਾ ’ਚ ਆਉਣ ਦਾ ਸੰਕੇਤ: ਸੌਂਦ
ਖੰਨਾ (ਨਿੱਜੀ ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਇਤਿਹਾਸਕ ਜਿੱਤ ਨਾਲ ਸਾਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਤੀਜੇ ਆਉਂਦੇ ਹੀ ਵਰਕਰਾਂ ਨੇ ਢੋਲ-ਨਗਾਰਿਆਂ ਨਾਲ ਜਿੱਤ ਦਾ ਜਸ਼ਨ ਮਨਾਇਆ। ਕੈਬਨਿਟ ਮੰਤਰੀ ਸ੍ਰੀ ਸੌਂਦ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ ਹੈ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਸ ਨੇ ਸਾਬਤ ਕੀਤਾ ਹੈ ਕਿ ਪੰਜਾਬ ਅੰਦਰ 2027 ਵਿਚ ਮੁੜ ‘ਆਪ’ ਸਰਕਾਰ ਬਣੇਗੀ।
