ਸਸਰਾਲੀ ਵਿੱਚ ਧੁੱਸੀ ਬੰਨ੍ਹ ਦਾ ਕੁਝ ਹਿੱਸਾ ਰੁੜਿਆ; ਫੌਜ ਤਾਇਨਾਤ
ਡੀਸੀ ਵੱਲੋਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ
ਸਨਅਤੀ ਸ਼ਹਿਰ ਦੇ ਰਾਹੋਂ ਰੋਡ ਸਥਿਤ ਸਸਰਾਲੀ ਕਲੋਨੀ ’ਚ ਅੱਜ ਧੁੱਸੀ ਬੰਨ੍ਹ ਦਾ ਕੁੱਝ ਹਿੱਸਾ ਪਾਣੀ ਦੇ ਨਾਲ ਰੁੜ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਪਾਣੀ ਦਾ ਵਹਾਅ ਇਨ੍ਹਾਂ ਤੇਜ਼ ਹੈ, ਕਿ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਬੰਨ੍ਹ ਰੁੜ੍ਹ ਗਿਆ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਇੱਥੇ ਬੰਨ੍ਹ ਵਿੱਚ ਕੁੱਝ ਨੁਕਸਾਨ ਹੋਇਆ ਹੈ। ਪਰ ਫੌਜ, ਪੁਲੀਸ, ਪ੍ਰਸ਼ਾਸਨ ਤੇ ਨੌਜਵਾਨਾਂ ਦੀ ਮਿਹਨਤ ਤੋਂ ਬਾਅਦ ਉੱਥੇ ਬੰਨ੍ਹ ਪੱਕਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਅਲਰਟ ਜਾਰੀ ਕਰ ਦਿੱਤਾ ਹੈ ਤੇ ਆਲ੍ਹੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਜਾਣ ਦੇ ਹੁਕਮ ਦੇ ਦਿੱਤੇ ਹਨ।
ਵੀਰਵਾਰ ਨੂੰ ਜਿੱਥੇ ਟਰੈਕਟਰ ਟਰਾਲੀਆਂ ਚਲਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ, ਉੱਥੇ ਮਿੱਟੀ ਪਾਏ ਇਲਾਕੇ ਦਾ ਕੁਝ ਹਿੱਸਾ ਅੱਜ ਪਾਣੀ ਵਿੱਚ ਵਗ ਗਿਆ ਹੈ। ਹੁਣ ਸਿਰਫ਼ ਕਿਨਾਰੇ ਹੀ ਬਚੇ ਹਨ। ਪ੍ਰਸ਼ਾਸਨ ਇਸ ਜਗ੍ਹਾਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਇਸਦੇ ਪਿੱਛੇ ਬੰਨ੍ਹ ਬਣਾਉਣ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਸਣੇ ਪੂਰਾ ਪ੍ਰਸ਼ਾਸਨਿਕ ਅਤੇ ਪੁਲੀਸ ਸਟਾਫ਼ ਉੱਥੇ ਮੌਜੂਦ ਹੈ। ਨੇੜਲੇ ਪਿੰਡਾਂ ਦੇ ਨੌਜਵਾਨ ਭਾਰਤੀ ਫੌਜ ਅਤੇ ਐੱਨਡੀਆਰਐੱਫ ਦੀ ਟੀਮ ਨਾਲ ਮਿਲ ਕੇ ਬੰਨ੍ਹ ਨੂੰ ਜਲਦੀ ਤੋਂ ਜਲਦੀ ਬਣਾਉਣ ਲਈ ਕੰਮ ਕਰ ਰਹੇ ਹਨ ਤਾਂ ਜੋ ਬੰਨ੍ਹ ਟੁੱਟਣ ਦੀ ਸੂਰਤ ਵਿੱਚ ਵੀ ਇਸਦੇ ਪਿੱਛੇ ਬੰਨ੍ਹ ਪਾਣੀ ਨੂੰ ਹੋਰ ਵਹਿਣ ਤੋਂ ਰੋਕ ਸਕੇ।
ਪਿੰਡ ਸਸਰਾਲੀ ਵਿੱਚ ਬਣੇ ਧੁੱਸੀ ਬੰਨ੍ਹ ਵਿੱਚ ਪਈਆਂ ਤਰੇੜਾਂ ਦੀ ਮੁਰੰਮਤ ਬੁੱਧਵਾਰ ਨੂੰ ਸ਼ੁਰੂ ਕਰ ਦਿੱਤੀ ਗਈ ਸੀ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਹ ਲਗਾਤਾਰ ਹੇਠਾਂ ਤੋਂ ਮਿੱਟੀ ਵਹਾ ਰਿਹਾ ਹੈ ਅਤੇ ਉੱਪਰੋਂ ਮਿੱਟੀ ਡਿੱਗ ਰਹੀ ਹੈ। ਦੇਰ ਰਾਤ ਤੱਕ ਲੋਕ ਬੰਨ੍ਹ ਦੇ ਕੰਢਿਆਂ ’ਤੇ ਖੜ੍ਹੇ ਰਹੇ ਅਤੇ ਲੋਕਾਂ ਵਿੱਚ ਡਰ ਸੀ ਕਿ ਜੇਕਰ ਬੰਨ੍ਹ ਟੁੱਟ ਗਿਆ ਤਾਂ ਕਈ ਇਲਾਕੇ ਰਾਤੋ-ਰਾਤ ਡੁੱਬ ਜਾਣਗੇ। ਪ੍ਰਸ਼ਾਸਨ ਨੇ ਸਵੇਰੇ ਧੁੱਸੀ ਬੰਨ੍ਹ ਸਬੰਧੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ। ਜਿਸ ਵਿੱਚ ਪ੍ਰਸ਼ਾਸਨ ਨੇ ਸਾਫ਼ ਕੀਤਾ ਸੀ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਸਸਰਾਲੀ ਦਾ ਬੰਨ੍ਹ ਬਹੁਤ ਦਬਾਅ ਹੇਠ ਹੈ। ਬੰਨ੍ਹ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜੇਕਰ ਬੰਨ੍ਹ ਵਿੱਚ ਕੋਈ ਦਰਾੜ ਜਾਂ ਕੋਈ ਨੁਕਸਾਨ ਹੁੰਦਾ ਹੈ ਤਾਂ ਲੋਕ ਪਾਣੀ ਵਿੱਚ ਡੁੱਬ ਸਕਦੇ ਹਨ। ਜਿਸ ਕਾਰਨ ਲੁਧਿਆਣਾ ਦੇ ਪਿੰਡ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ, ਮਿਹਰਬਾਨ ਵਿੱਚ ਪਾਣੀ ਆਉਣ ਦਾ ਖ਼ਤਰਾ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ, ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ, ਟਿੱਬਾ ਰੋਡ ਸਤਿਸੰਗ ਘਰ, ਕੈਲਾਸ਼ ਨਗਰ ਸਤਿਸੰਗ ਘਰ, ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ, ਖਾਸੀ ਕਲਾਂ ਮੰਡੀ, ਖਾਸੀ ਕਲਾਂ ਸਕੂਲ, ਭੂਖੜੀ ਸਕੂਲ, ਮੱਤੇਵਾੜਾ ਸਕੂਲ, ਮੱਤੇਵਾੜਾ ਮੰਡੀ ਵਿੱਚ ਸੈਲਟਰ ਹੋਮ ਬਣਾ ਲੋਕਾਂ ਨੂੰ ਰੁੱਕਣ ਦਾ ਪ੍ਰਬੰਧ ਕੀਤਾ ਗਿਆ ਹੈ।
ਸਾਰੀ ਰਾਤ ਬੰਨ੍ਹ ਦੀ ਨਿਗਰਾਨੀ ਕਰਦੇ ਰਹੇ ਇਲਾਕਾ ਵਾਸੀ
ਸਸਰਾਲੀ ਪਿੰਡ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਨੌਜਵਾਨ ਸਾਰੀ ਰਾਤ ਬੰਨ੍ਹ ’ਤੇ ਰਹੇ ਅਤੇ ਪਹਿਰਾ ਦਿੰਦੇ ਰਹੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਜੇਕਰ ਬੰਨ੍ਹ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਜਲਦੀ ਤੋਂ ਜਲਦੀ ਪਿੰਡ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਜਦੋਂ ਸਵੇਰੇ ਪੰਜਾਬ ਪੁਲੀਸ ਅਤੇ ਫੌਜ ਉੱਥੇ ਪਹੁੰਚੀ, ਤਾਂ ਬੰਨ੍ਹ ਦੀ ਹਾਲਤ ਨੂੰ ਦੇਖਦਿਆਂ, ਆਮ ਲੋਕਾਂ ਨੂੰ ਬੰਨ੍ਹ ’ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਫੌਜ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਤਿੰਨ ਵਿੱਚੋਂ ਇੱਕ ਪੁਆਇੰਟ ’ਤੇ ਹਾਲਾਤ ਗੰਭੀਰ: ਡੀਸੀ
ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਸਰਾਲੀ ਵਿੱਚ 3 ਪੁਆਇੰਟ ਹਨ। ਉਨ੍ਹਾਂ ਵਿੱਚੋਂ ਇੱਕ ਪੁਆਇੰਟ ’ਤੇ ਸਥਿਤੀ ਖਰਾਬ ਹੈ। ਉਸ ਜਗ੍ਹਾਂ ’ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਫੌਜ, ਪਿੰਡ ਵਾਸੀ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਤਾਇਨਾਤ ਹਨ। ਗੁਰਦੁਆਰਿਆਂ ਤੋਂ ਐਲਾਨ ਕੀਤੇ ਜਾ ਰਹੇ ਹਨ ਕਿ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ ਜਾਵੇ ਕਿ ਉਹ ਆਪਣੀਆਂ ਕੀਮਤੀ ਚੀਜ਼ਾਂ ਉੱਚੀ ਜਗ੍ਹਾਂ ’ਤੇ ਰੱਖਣ ਅਤੇ ਆਪਣੇ ਜਾਨਵਰਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਨ। ਪਿੱਛੇ ਤੋਂ ਆਉਣ ਵਾਲੇ ਪਾਣੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਹਿਮਾਚਲ ਵਿੱਚ ਹੋਣ ਵਾਲੀ ਬਾਰਿਸ਼ ਅਤੇ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ’ਤੇ ਨਿਰਭਰ ਕਰਦਾ ਹੈ। ਡੀਸੀ ਹਿਮਾਂਸ਼ੂ ਜੈਨ ਨੇ ਸ਼ੁੱਕਰਵਾਰ ਨੂੰ ਜਨਤਾ ਨੂੰ ਸੋਸ਼ਲ ਮੀਡੀਆ ’ਤੇ ਚੱਲ ਰਹੀ ਬੰਨ੍ਹ ਟੁੱਟਣ ਦੀ ਝੂਠੀ ਖ਼ਬਰ ਤੋਂ ਘਬਰਾਉਣ ਦੀ ਅਪੀਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
ਲੰਗਰ ਦੀ ਸੇਵਾ ਕਰਦੇ ਹੋਏ ਵਾਲੰਟੀਅਰ। -ਫੋਟੋ: ਹਿਮਾਂਸ਼ੂ ਮਹਾਜਨ