ਪਨਗਰੇਨ ਦੇ ਚੇਅਰਮੈਨ ਵੱਲੋਂ ਜਗਰਾਉਂ ਮੰਡੀ ਦਾ ਦੌਰਾ
ਏਸ਼ੀਆ ਦੇ ਦੂਸਰੇ ਵੱਡੇ ਖਰੀਦ ਕੇਂਦਰ ਜਗਰਾਉਂ ’ਚ ਅੱਜ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਨੇ ਦੌਰਾ ਕੀਤਾ। ਉਨ੍ਹਾਂ ਝੋਨੇ ਦੀ ਖਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਖਰੀਦ ਨਾਲ ਸਬੰਧਤ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਸਮਾਧਾਨ ਦਾ ਭਰੋਸਾ ਦਿੱਤਾ। ਉਨਾਂ ਆਖਿਆ ਕਿ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕਰਨ ਉਪਰੰਤ ਲਿਫਟਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਉਨ੍ਹਾਂ ਕਿਸਾਨਾ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਘੱਟ ਨਮੀ ਵਾਲਾ ਝੋਨਾ ਹੀ ਲਿਆਦਾ ਜਾਵੇ ਤਾਂ ਜੋ ਖਰੀਦ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਉਨ੍ਹਾਂ ਆਖਿਆ ਕਿ ਇਸ ਵਾਰ ਕਿਸਾਨ ਆਪਣੇ ਖੇਤਾਂ ਵਿੱਚ ਝੋਨੇ ਦੀ ਪਾਰਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਤਾਂ ਜੋ ਵਾਤਾਵਰਨ ਦੀ ਸੁਰੱਖਿਆ ਨੂੰ ਹੋਣ ਵਾਲੇ ਖਤਰੇ ਤੋਂ ਬਚਿਆ ਜਾ ਸਕੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨਈਆ ਲਾਲ ਬਾਂਕਾ ਅਤੇ ਪ੍ਰਸ਼ਾਸਨਿਕ ਅਮਲਾ ਹਾਜ਼ਰ ਸੀ।