ਪੰਚਾਇਤ ਵੱਲੋਂ ਮਨਸੂਰਾਂ ਸਕੂਲ ਦੇ ਸਟਾਫ਼ ਦਾ ਸਨਮਾਨ
ਲੁਧਿਆਣਾ, 15 ਮਾਰਚ
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਸੂਰਾਂ ਸਕੂਲ ਨੂੰ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਰਵੋਤਮ ਸਕੂਲ ਐਲਾਨੇ ਜਾਣ ਮਗਰੋਂ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਸਰਬੋਖਣ ਦੌਰਾਨ ਸਕੂਲ ਨੂੰ ਸਰਵੋਤਮ ਸਕੂਲ ਦਾ ਦਰਜਾ ਹਾਸਲ ਹੋਇਆ ਹੈ। ਵਿਭਾਗ ਵੱਲੋਂ ਸਕੂਲ ਨੂੰ 10 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਹੈ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਅਤੇ ਸਮੂਹ ਸਟਾਫ਼ ਦਾ ਨਗਰ ਪੰਚਾਇਤ, ਨਗਰ ਨਿਵਾਸੀਆਂ ਅਤੇ ਪਤਵੰਤਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।
ਇਸ ਮੌਕੇ ਪ੍ਰਿੰਸੀਪਲ ਨੇ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦੀ ਮਿਹਨਤ ਸਿਰ ਬੰਨ੍ਹਿਆ। ਇਸ ਦੇ ਨਾਲ ਹੀ ਉਨ੍ਹਾਂ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਲੈਕਚਰਾਰ ਹਰਜੀਤ ਸਿੰਘ ਰਤਨ ਨੇ ਆਈਆਂ ਹੋਈਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਵੀ ਫੋਨ ਰਾਹੀਂ ਸਕੂਲ ਦੀ ਇਸ ਪ੍ਰਾਪਤੀ ’ਤੇ ਵਧਾਈ ਸੰਦੇਸ਼ ਭੇਜਿਆ।
ਇਸ ਮੌਕੇ ਸਰਪੰਚ ਬਹਾਦਰ ਸਿੰਘ, ਸਾਬਕਾ ਸਰਪੰਚ ਓਮ ਪ੍ਰਕਾਸ਼, ਚੇਅਰਮੈਨ ਬਲਾਕ ਸੰਮਤੀ ਸੁਖਦੇਵ ਸਿੰਘ, ਗੁਰਮੁਖ ਸਿੰਘ, ਰੇਸ਼ਮ ਸਿੰਘ, ਬਲਜਿੰਦਰ ਸਿੰਘ ਬੰਟੀ, ਹਰਨੇਕ ਸਿੰਘ, ਮਨਜਿੰਦਰ ਸਿੰਘ ਮਨਸੂਰਾਂ, ਅਵਨਿੰਦਰ ਸਿੰਘ, ਬਲਦੇਵ ਸਿੰਘ, ਮਨੀ ਅਹੂਜਾ, ਮਨਿੰਦਰ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਰੰਜਨ ਕੌਰ, ਨਰਿੰਦਰਪਾਲ ਕੌਰ, ਅਰਵਿੰਦ ਕੌਰ, ਲਲਿਤਾ ਕਿਸ਼ੋਰੀ, ਰਵਿੰਦਰ ਕੌਰ, ਵਸੁਧਾ ਸ਼ਰਮਾ ਅਤੇ ਨਮਿਤਾ ਗਰੋਵਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।
