ਕਿਸਾਨ ਯੂਨੀਅਨ ਤੇ ਪੰਚਾਇਤੀ ਥਾਂ ’ਤੇ ਕਾਬਜ਼ਕਾਰਾਂ ਵਿਚਾਲੇ ਫਸਿਆ ਪੰਚਾਇਤ ਵਿਭਾਗ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੰਚਾਇਤੀ ਵਿਭਾਗ ਦੀ ਜ਼ਮੀਨ ’ਤੇ ਹੋਏ ਕਬਜ਼ੇ ਛੁਡਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਨੇ ਦੱਸਿਆ ਕਿ ਪੰਚਾਇਤ ਵਿਭਾਗ ਕਾਬਜ਼ਕਾਰਾਂ ਦਾ ਪੱਖ ਪੂਰ ਰਹੀ ਹੈ ਜਦਕਿ ਸਰਕਾਰ ਵਲੋਂ ਸਖ਼ਤ ਨਿਰਦੇਸ਼ ਹਨ ਕਿ ਨਾਜਾਇਜ਼ ਕਬਜੇ ਹਟਾਏ ਜਾਣ।
ਉਨ੍ਹਾਂ ਕਿਹਾ ਕਿ ਪਤਾ ਨਹੀਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਕੀ ਮਜਬੂਰੀ ਹੈ ਕਿ ਉਹ ਇਹ ਕਬਜ਼ੇ ਨਹੀਂ ਹਟਾ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਕਬਜ਼ੇ ਨਹੀਂ ਹਟਦੇ ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ। ਕਿਸਾਨ ਯੂਨੀਅਨ ਤੇ ਨਾਜਾਇਜ਼ ਕਾਬਜਕਾਰਾਂ ਦਾ ਰੇੜਕਾ ਫਿਲਹਾਲ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਪਰ ਇਸ ਵਿਚ ਪੰਚਾਇਤ ਵਿਭਾਗ ਕਸੂਤਾ ਫਸਿਆ ਹੋਇਆ ਹੈ ਅਤੇ ਲਗਾਤਾਰ ਚੱਲ ਰਹੇ ਰੋਸ ਧਰਨੇ ਕਾਰਨ ਵਿਭਾਗ ਦੀ ਕਿਰਕਿਰੀ ਹੋ ਰਹੀ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜ਼ੂਦ ਵੀ ਇਹ ਨਾਜਾਇਜ਼ ਕਬਜੇ ਕਿਉਂ ਨਹੀਂ ਹਟਾਏ ਜਾ ਰਹੇ।
ਸਹਿਜੋ ਮਾਜਰਾ ਵਿੱਚ ਕਬਜ਼ਾ ਹਟਾ ਦਿੱਤਾ ਹੈ: ਬਲਾਕ ਪੰਚਾਇਤ ਅਧਿਕਾਰੀ
ਬਲਾਕ ਪੰਚਾਇਤ ਅਫ਼ਸਰ ਰੁਪਿੰਦਰ ਕੌਰ ਨੇ ਕਿਹਾ ਕਿ ਪਿੰਡ ਸਹਿਜੋ ਮਾਜਰਾ ਵਿੱਚੋਂ ਕਬਜ਼ਾ ਹਟਾ ਦਿੱਤਾ ਗਿਆ ਹੈ ਤੇ ਉੱਥੇ ਕੰਡਿਆਲੀ ਤਾਰ ਵੀ ਲਾ ਦਿੱਤੀ ਹੈ ਪਰ ਯੂਨੀਅਨ ਦੀ ਮੰਗ ਹੈ ਕਿ ਇੱਥੇ ਪੱਕੀ ਦੀਵਾਰ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਹੇੜੀਆਂ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮਾਮਲਾ ਸੀ ਉਹ ਵੀ ਲਗਪਗ ਹੱਲ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਵਿਚ ਪੁਰਾਣੇ ਸਮਿਆਂ ਦੌਰਾਨ ਪੰਚਾਇਤੀ ਜਗ੍ਹਾ ’ਤੇ ਕਬਜ਼ੇ ਕੀਤੇ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹ ਵੀ ਹਟਾਏ ਜਾਣ।
