ਮੀਂਹ ਕਾਰਨ ਮਾਛੀਵਾੜਾ ਮੰਡੀ ’ਚ ਝੋਨੇ ਦੀ ਖਰੀਦ ਰਹੀ ਬੰਦ
ਅੱਜ ਮਾਛੀਵਾੜਾ ਇਲਾਕੇ ਵਿਚ ਮੀਂਹ ਕਾਰਨ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦਾ ਕੰਮ ਠੱਪ ਰਿਹਾ। ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਤੇ ਮੀਂਹ ਦੀ ਕਿਣਮਿਣ ਦੁਪਹਿਰ ਤੱਕ ਜਾਰੀ ਰਹੀ ਜਿਸ ਕਾਰਨ ਮੰਡੀ ਵਿਚ ਝੋਨੇ ਦੀ ਆਮਦ ਵੀ ਨਾਮਾਤਰ ਰਹੀ। ਮਾਛੀਵਾੜਾ ਮੰਡੀ ਵਿਚ ਰੋਜ਼ਾਨਾ 20 ਤੋਂ 30 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋ ਰਹੀ ਸੀ ਪਰ ਮੀਂਹ ਕਾਰਨ ਫਸਲ ਵਿਚ ਨਮੀ ਦੀ ਮਾਤਰਾ ਵੱਧ ਜਾਣ ’ਤੇ ਖਰੀਦ ਏਜੰਸੀਆਂ ਨੇ ਕੰਮ ਠੱਪ ਰੱਖਿਆ। ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ ਝੋਨੇ ਦੀ ਫਸਲ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਈ ਹੈੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੜ੍ਹਾਂ ਤੇ ਬੀਮਾਰੀਆਂ ਕਾਰਨ ਝੋਨੇ ਦੀ ਫਸਲ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ ਅਤੇ ਹੁਣ ਜਦੋਂ ਫ਼ਸਲ ਬਿਲਕੁਲ ਪੱਕ ਕੇ ਤਿਆਰ ਖੜੀ ਹੈ ਤਾਂ ਬੇਮੌਸਮੀ ਬਾਰਿਸ਼ ਵੀ ਫਸਲ ਲਈ ਨੁਕਸਾਨਦੇਹ ਹੈ। ਕਿਸਾਨਾਂ ਨੇ ਦੱਸਿਆ ਕਿ ਜੋ ਫਸਲ ਮੰਡੀ ਵਿਚ ਵਿਕਣ ਆਈ ਹੈ ਉਹ ਮੀਂਹ ਕਾਰਨ ਮੰਡੀ ਵਿਚ ਭਿੱਜ ਰਹੀ ਹੈ ਜੋ ਖੇਤਾਂ ਵਿਚ ਖੜ੍ਹੀ ਹੈ ਉਹ ਤੇਜ ਹਵਾਵਾਂ ਤੇ ਬਾਰਿਸ਼ ਕਾਰਨ ਝਾੜ ਹੋਰ ਘਟ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਝੋਨੇ ਦੀ ਫਸਲ ’ਤੇ ਮੁਆਵਜਾ ਜਾਂ ਬੋਨਸ ਦੇਣ ਦਾ ਐਲਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲੇ। ਇਸ ਤੋਂ ਇਲਾਵਾ ਮਾਛੀਵਾੜਾ ਮੰਡੀ ਵਿਚ ਲਿਫਟਿੰਗ ਦਾ ਕੰਮ ਵੀ ਨਾਮਾਤਰ ਹੀ ਰਿਹਾ।