ਮਰਿਆ ਕੁੱਤਾ ਕਾਰ ਪਿੱਛੇ ਬੰਨ੍ਹ ਕੇ ਘੜੀਸਣ ਤੇ ਰੋਸ
ਇਥੇ ਮਾਲੇਰਕੋਟਲਾ ਰੋਡ ’ਤੇ ਇਕ ਦੁਕਾਨਦਾਰ ਨੂੰ ਆਪਣੀ ਦੁਕਾਨ ਦੇ ਬਾਹਰ ਮਰਿਆ ਹੋਇਆ ਕੁੱਤਾ ਪਿਆ ਮਿਲਿਆ ਤਾਂ ਉਸ ਨੇ ਕੁੱਤੇ ਦੀ ਲਾਸ਼ ਆਪਣੀ ਕਾਰ ਪਿਛੇ ਬੰਨ੍ਹੀ ਤੇ ਘੜੀਸ ਕੇ ਲੈ ਗਿਆ। ਇਸ ਦੌਰਾਨ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ। ਮਾਮਲਾ ਸਾਹਮਣੇ ਆਉਣ ’ਤੇ ਨਵਜੀਵਨ ਵੈਲਫ਼ੇਅਰ ਸੁਸਾਇਟੀ ਦੇ ਮੁਖੀ ਨਵਨ ਸ਼ਰਮਾ ਨੇ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁੱਤੇ ਨੂੰ ਰੱਸੀ ਰਾਹੀਂ ਕਾਰ ਪਿਛੇ ਬੰਨ੍ਹ ਕੇ ਮਲੇਰਕੋਟਲਾ ਚੌਕ ਖੰਨਾ ਤੋਂ ਪਿੰਡ ਰਸੂਲੜਾ ਤੱਕ ਕਰੀਬ 3 ਕਿਲੋਮੀਟਰ ਤੱਕ ਘੜੀਸਿਆ ਗਿਆ। ਇਸ ਅਣਮਨੁੱਖੀ ਕਾਰਵਾਈ ਦਾ ਵਿਰੋਧ ਕਰਨ ਅਤੇ ਕਾਰ ਦਾ ਪਿੱਛਾ ਕਰਕੇ ਕੁਝ ਵਿਅਕਤੀਆਂ ਨੇ ਉਸ ਨੂੰ ਰੋਕਿਆ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਦੁਕਾਨ ਤੋਂ ਤਿੰਨ ਕਿਲੋਮੀਟਰ ਦੂਰ ਝਾੜੀਆਂ ਵਿਚੋਂ ਕੁੱਤੇ ਦੀ ਲਾਸ਼ ਬਰਾਮਦ ਕੀਤੀ। ਸਿਟੀ-2 ਪੁਲੀਸ ਨੇ ਮਾਮਲਾ ਸਦਰ ਥਾਣੇ ਨੂੰ ਸੌਂਪ ਦਿੱਤਾ ਹੈ। ਦੂਜੇ ਪਾਸੇ ਸੂਤਰਾਂ ਅਨੁਸਾਰ ਪੁਲੀਸ ਨੇ ਉਕਤ ਵਿਅਕਤੀ ਨੂੰ ਲੱਭ ਲਿਆ ਹੈ, ਜਿਸ ਨੇ ਆਪਣੀ ਗਲਤੀ ਮੰਗ ਲਈ ਹੈ।