ਮਿੱਡ-ਡੇਅ ਮੀਲ ਕੁੱਕਾਂ ਤੋਂ ਵਾਧੂ ਕੰਮ ਲੈਣ ਦਾ ਵਿਰੋਧ
ਮਿੱਡ-ਡੇਅ ਮੀਲ ਕੁੱਕ ਯੂਨੀਅਨ ਬੀਐੱਮਐੱਸ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਮਰਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਰਾਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਅਤੇ ਕਮਲਜੀਤ ਕੌਰ ਮੱਧੋਕੇ ਸੈਕਟਰੀ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਚਿੰਡਾਲੀਆ ਨੇ ਕਿਹਾ ਕਿ ਮਿੱਡ-ਡੇਅ ਮੀਲ ਕੁੱਕ ਪਹਿਲਾਂ ਜੋ 15-20 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਅੱਜ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿੱਡ-ਡੇਅ ਮੀਲ ਕੁੱਕ ਤੋਂ ਸਿਰਫ ਕੁੱਕ ਦਾ ਹੀ ਕੰਮ ਲਿਆ ਜਾਵੇ ਅਤੇ ਉਸ ਨੂੰ ਛੁੱਟੀ ਹੋਣ ਤੱਕ ਨਾ ਰੱਖਿਆ ਜਾਵੇ ਪਰ ਅਜੇ ਤੱਕ ਬਹੁਤੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਕੁੱਕਾਂ ਤੋਂ ਸਕੂਲ ਦੇ ਬਹੁਤ ਸਾਰੇ ਕੰਮ ਕਰਾਏ ਜਾਂਦੇ ਹਨ, ਜਿਸ ਦਾ ਯੂਨੀਅਨ ਡੱਟ ਕੇ ਵਿਰੋਧ ਕਰਦੀ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਸੰਦੀਪ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ ਆਦਿ ਤੋਂ ਇਲਾਵਾ ਸਮਰਾਲਾ ਬਲਾਕ ਦੀਆਂ ਹੋਰ ਵੀ ਕੁੱਕ ਹਾਜ਼ਰ ਸਨ।