ਰਿਹਾਇਸ਼ੀ ਇਲਾਕੇ ਵਿੱਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ
ਖੰਨਾ, 17 ਫ਼ਰਵਰੀ
ਇਥੋਂ ਦੇ ਲਾਲ ਸਰਕਾਰੂ ਮੱਲ ਸਕੂਲ ਸਾਹਮਣੇ ਮੜੀਆ ਰੋਡ ਖੰਨਾ ਵਿੱਚ ਸਥਾਨਕ ਲੋਕਾਂ ਨੇ ਮੋਬਾਈਲ ਟਾਵਰ ਲਾਉਣ ਦਾ ਵਿਰੋਧ ਕੀਤਾ ਜਿਸ ਮਗਰੋਂ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਟਾਵਰ ਲਾਉਣ ਦਾ ਕੰਮ ਰੁਕਵਾ ਦਿੱਤਾ। ਲੋਕਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿਚ ਮੋਬਾਈਲ ਟਾਵਰ ਲਾਉਣ ਦੇ ਯਤਨ ਕੀਤਾ ਜਾ ਰਿਹਾ ਸੀ ਜਿਸ ਦਾ ਲੋਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੀ ਸ਼ਿਕਾਇਤ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਦਿੱਤੀ ਗਈ ਜਿਸ ਮਗਰੋਂ ਕੌਂਸਲ ਟੀਮ ਨੇ ਕੰਮ ਰੁਕਵਾਇਆ ਸੀ ਕਿਉਂਕਿ ਮੋਬਾਈਲ ਟਾਵਰ ਲਾਉਣ ਵਾਲਿਆਂ ਕੋਲ ਕੋਈ ਮਨਜ਼ੂਰੀ ਨਹੀਂ ਸੀ ਪਰ ਕੱਲ੍ਹ ਦੇਰ ਰਾਤ ਮੋਬਾਈਲ ਟਾਵਰ ਲਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੇ ਰਾਤੋਂ ਰਾਤ ਟਾਵਰ ਖੜ੍ਹਾ ਕਰ ਦਿੱਤਾ। ਸਵੇਰੇ ਜਦੋਂ ਲੋਕਾਂ ਨੇ ਵੇਖਿਆ ਤਾਂ ਤਿੰਨ ਮੰਜ਼ਿਲਾ ਇਮਾਰਤ ’ਤੇ ਮੋਬਾਈਲ ਟਾਵਰ ਲੱਗਿਆ ਹੋਇਆ ਸੀ।
ਇਲਾਕਾ ਨਿਵਾਸੀ ਹਰਪਾਲ ਸਿੰਘ ਫੌਜੀ, ਰਾਜੇਸ਼ ਕੁਮਾਰ, ਵਿਸ਼ਾਲ ਕਪਿਲਾ, ਰਵਿੰਦਰ ਕੁਮਾਰ, ਅਜੈ ਕੁਮਾਰ ਨੇ ਦੱਸਿਆ ਕਿ ਇਸ ਰਿਹਾਇਸ਼ੀ ਇਲਾਕੇ ਵਿਚ ਲੋਕਾਂ ਦੀ ਸੰਘਣੀ ਅਬਾਦੀ ਹੈ ਜਿੱਥੇ ਟਾਵਰ ਲਾਇਆ ਜਾ ਰਿਹਾ, ਉਸ ਦੇ ਬਿਲਕੁੱਲ ਸਾਹਮਣੇ ਲਾਲਾ ਸਰਕਾਰੂ ਮੱਲ ਸਕੂਲ ਹੈ ਜਿਸ ਵਿਚ ਰੋਜ਼ਾਨਾ ਹਜ਼ਾਰਾਂ ਬੱਚੇ ਪੜ੍ਹਨ ਆਉਂਦੇ ਹਨ। ਪਿਛਲੇ ਇਕ ਮਹੀਨੇ ਤੋਂ ਟਾਵਰ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵਿਰੋਧ ਕਰਨ ਤੇ ਕੰਪਨੀ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਇਸ ਦੌਰਾਨ ਨਗਰ ਕੌਂਸਲ ਦੀ ਟੀਮ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਿਕਰਮਜੀਤ ਸਿੰਘ, ਅਨਿਲ ਕੁਮਾਰ, ਪਰਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਸ਼ਿਵਮ ਧੀਰ, ਹਿਮਾਂਸ਼ੂ ਸ਼ਰਮਾ, ਅਮਰਜੀਤ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।