ਨਵਾਂਸ਼ਹਿਰ ਜ਼ਿਲ੍ਹੇ ਦੀ ਹਦੂਦ ਅੰਦਰ ਸਤਲੁਜ ਦਰਿਆ ’ਚ ’ਚੋਂ ਮਸ਼ੀਨਾਂ ਰਾਹੀਂ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਜਾਣਕਾਰੀ ਅਨੁਸਾਰ ਇਹ ਮਾਈਨਿੰਗ ਪੰਜਾਬ ਸਰਕਾਰ ਦੀ ਪਾਲਿਸੀ ‘ਜਿਸ ਦਾ ਖੇਤ ਉਸ ਦੀ ਰੇਤ’ ਤਹਿਤ ਇਹ ਰੇਤਾ ਚੁਕਾਇਆ ਜਾ ਰਿਹਾ ਹੈ। ਰੇਤ ਦੇ ਭਰੀਆਂ ਟਰਾਲੀਆਂ ਤੇ ਟਰੱਕਾਂ ਨੂੰ ਇਕ ਕਿਸਾਨ ਯੂਨੀਅਨ ਦੀ ਪਰਚੀ ਦਿੱਤੀ ਜਾ ਰਹੀ ਹੈ। ਅੱਜ ਜਦੋਂ ਸਾਰਾ ਮਾਮਲਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਧਿਆਨ ਵਿੱਚ ਆਇਆ ਕਿ ਤਾਂ ਉਨ੍ਹਾਂ ਤੁਰੰਤ ਸਤਲੁਜ ਦਰਿਆ ਵਿੱਚ ਜਾ ਕੇ ਇਹ ਕੰਮ ਰੁਕਵਾਇਆ। ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ, ਪਰਮਜੀਤ ਸਿੰਘ ਮਿਲਕੋਵਾਲ, ਅਮਨਦੀਪ ਸਿੰਘ ਸਰਪੰਚ ਮਿਲਕੋਵਾਲ, ਅਵਤਾਰ ਸਿੰਘ ਸ਼ੇਰੀਆਂ, ਮਨਜੀਤ ਸਿੰਘ ਪਵਾਤ, ਕਰਮਜੀਤ ਸਿੰਘ ਮਾਛੀਵਾੜਾ, ਬਾਬਾ ਹਰਬੰਤ ਸਿੰਘ ਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਜੇ ਸਤਲੁਜ ਦਰਿਆ ਵਿੱਚ ਇਹ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਜੋ ਕਿਸਾਨ ਯੂਨੀਅਨ ਦੇ ਨਾਮ ’ਤੇ ਪਰਚੀਆਂ ਕੱਟੀਆਂ ਜਾ ਰਹੀਆਂ ਹਨ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੀ ਪਾਲਿਸੀ ‘ਜਿਸ ਦਾ ਖੇਤ ਉਸ ਦੀ ਰੇਤ’ ਤਹਿਤ ਮਾਈਨਿੰਗ ਹੋ ਰਹੀ ਹੈ ਤਾਂ ਉਸ ਵਿਚ ਕਿਸਾਨ ਯੂਨੀਅਨ ਦੀ ਪਰਚੀ ਨੂੰ ਵਰਤਣਾ ਬਿਲਕੁਲ ਨਾਜਾਇਜ਼ ਹੈ ਜਿਸ ਨੂੰ ਬੰਦ ਕਰਵਾਇਆ ਜਾਵੇ। ਇਸ ਬਾਰੇ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ।
ਰੇਤ ਦੇ ਭਰੇ ਵਾਹਨ ਚਾਲਕ ਵੱਲੋਂ ਪੱਤਰਕਾਰ ਨਾਲ ਬਦਸਲੂਕੀ
ਬੀਤੀ ਰਾਤ ਪੁਲੀਸ ਥਾਣਾ ਅੱਗੇ ਸਤਲੁਜ ਦਰਿਆ ’ਚੋਂ ਜਦੋਂ ਰੇਤ ਨਾਲ ਭਰੇ ਵਾਹਨ ਆ ਰਹੇ ਸਨ ਤਾਂ ਪੁਲੀਸ ਥਾਣਾ ਨੇੜੇ ਕਵਰੇਜ ਕਰ ਰਹੇ ਪੱਤਰਕਾਰ ਨਾਲ ਵੀ ਇੱਕ ਵਾਹਨ ਚਾਲਕ ਵਲੋਂ ਬਦਸਲੂਕੀ ਕੀਤੀ ਗਈ। ਪੁਲਸ ਵਲੋਂ ਜਦੋਂ ਇਸ ਵਾਹਨ ਚਾਲਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਇਹ ਟਰੈਕਟਰ ਟਰਾਲੀ ਨਾਕਾਬੰਦੀ ਨੂੰ ਲਾਪ੍ਰਵਾਹੀ ਨਾਲ ਤੋੜ ਕੇ ਭਜਾ ਕੇ ਲੈ ਗਿਆ। ਪੁਲੀਸ ਵਲੋਂ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਅਤੇ ਨਾਕਾ ਤੋੜ ਕੇ ਵਾਹਨ ਭਜਾਉਣ ਦੇ ਦੋਸ਼ ਹੇਠ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ।
ਜੇ ਇਹ ਮਾਈਨਿੰਗ ਨਾਜਾਇਜ਼ ਹੈ ਤਾਂ ਵਿਭਾਗ ਕਾਰਵਾਈ ਕਰੇ: ਟਰਾਂਸਪੋਰਟਰ
ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਟਰਾਂਸਪੋਰਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਸਤਲੁਜ ਦਰਿਆ ’ਚੋਂ ਰੇਤ ਚੁਕਾਉਣ ਵਾਲੇ ਸਬੰਧਿਤ ਵਿਅਕਤੀ ਨੂੰ ਪੈਸੇ ਦੀ ਅਦਾਇਗੀ ਕਰਕੇ ਰੇਤਾ ਲਿਆ ਰਹੇ ਹਨ ਅਤੇ ਜੇ ਇਹ ਮਾਈਨਿੰਗ ਜਾਇਜ਼ ਹੈ ਤਾਂ ਇਸ ਨੂੰ ਚਲਾਇਆ ਜਾਵੇ ਅਤੇ ਜੇ ਨਾਜਾਇਜ਼ ਹੈ ਤਾਂ ਇਸ ਨੂੰ ਵਿਭਾਗ ਬੰਦ ਕਰਵਾਏ।