ਮਾਈਨਿੰਗ ਦੌਰਾਨ ਕਿਸਾਨ ਜਥੇਬੰਦੀ ਦੀ ਪਰਚੀ ਦੇਣ ਦਾ ਵਿਰੋਧ
ਸਤਲੁਜ ਦਰਿਆ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਦੀ ਹਦੂਦ ਵਿੱਚ ਰੇਤ ਮਾਫ਼ੀਆ ਵੱਲੋਂ ਮਾਈਨਿੰਗ ਦੌਰਾਨ ਵਾਹਨ ਚਾਲਕਾਂ ਨੂੰ ਕਿਸਾਨ ਯੂਨੀਅਨ ਦੀ ਪਰਚੀ ਦੇਣ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਰੇਤ ਮਾਫ਼ੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਰੇਤ ਨਾਲ ਭਰੇ ਵਾਹਨਾਂ ਨੂੰ ਕਿਸਾਨ ਯੂਨੀਅਨ ਦੀ ਪਰਚੀ ਦੇ ਕੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਉਨ੍ਹਾਂ ਰਾਬਤਾ ਕਾਇਮ ਕੀਤਾ ਅਤੇ ਕਿਸੇ ਵੀ ਯੂਨੀਅਨ ਵਲੋਂ ਰੇਤ ਮਾਈਨਿੰਗ ਦੌਰਾਨ ਪਰਚੀ ਜਾਰੀ ਕਰਨ ਦੀ ਗੱਲ ਨਹੀਂ ਕਹੀ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਨਵਾਂਸ਼ਹਿਰ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਇਸਦੇ ਪਿੱਛੇ ਜੋ ਰੇਤ ਮਾਫ਼ੀਆ ਹੈ ਉਸ ਨੂੰ ਬੇਨਕਾਬ ਕੀਤਾ ਜਾਵੇ। ਰਾਜੇਵਾਲ ਨੇ ਕਿਹਾ ਕਿ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਸਤਲੁਜ ਦਰਿਆ ਵਿੱਚ ਜੋ ਵੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਦੀ ਪਰਚੀ ਦੀ ਦੁਰਵਰਤੋਂ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੀ ਹੜ੍ਹਾਂ ਤੋਂ ਬਾਅਦ ‘ਜਿਸਦਾ ਖੇਤ ਉਸਦੀ ਰੇਤ’ ਪਾਲਿਸੀ ਤਹਿਤ ਸਤਲੁਜ ਦਰਿਆ ਅੰਦਰ ਕਿਸਾਨਾਂ ਦੀਆਂ ਜ਼ਮੀਨਾਂ ’ਚੋਂ ਰੇਤਾ ਚੁੱਕਿਆ ਜਾ ਰਿਹਾ ਹੈ ਪਰ ਇਹ ਮਾਈਨਿੰਗ ਜਾਇਜ਼ ਹੈ ਜਾਂ ਨਾਜਾਇਜ਼, ਇਹ ਪੁਲੀਸ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਦੇਖਣਾ ਪਵੇਗਾ।
